ਚੁਰਾਸੀ ਕਤਲੇਆਮ: ਕੈਪਟਨ ਆਪਣੇ ਸਟੈਂਡ ‘ਤੇ ਕਾਇਮ

5ਚੰਡੀਗੜ੍ਹ: “ਮੈਂ ਆਪਣੇ ਸਟੈਂਡ ‘ਤੇ ਕਾਇਮ ਹਾਂ। ਸਿੱਖ ਕਤਲੇਆਮ ਤੋਂ ਬਾਅਦ ਜਦੋਂ ਮੈਂ ਦਿੱਲੀ ਗਿਆ ਸੀ, ਉਹ ਸਮੇਂ ਜਗਦੀਸ਼ ਟਾਈਟਲਰ ਦਾ ਨਾਂ ਕਤਲੇਆਮ ‘ਚ ਨਹੀਂ ਆ ਰਿਹਾ ਸੀ। ਉਨ੍ਹਾਂ ਦਾ ਨਾਂ ਬਾਅਦ ‘ਚ ਆਇਆ। ਹੁਣ ਮਾਮਲਾ ਅਦਾਲਤ ‘ਚ ਹੈ ਤੇ ਅਦਾਲਤ ਜੋ ਫੈਸਲਾ ਦੇਵੇਗੀ ਉਹ ਸਭ ਨੂੰ ਮਨਜ਼ੂਰ ਹੋਵੇਗਾ।” ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਚੁਰਾਸੀ ਦੇ ਮਾਮਲੇ ‘ਤੇ ਅਕਾਲੀ ਦਲ ਤੇ ਕਾਂਗਰਸ ਜਾਣਬੁੱਝ ਕੇ ਸਿਆਸਤ ਕਰ ਰਹੇ ਹਨ ਤੇ ਉਨ੍ਹਾਂ ਬੇਮਤਲਬ ਸਿਆਸੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੈਪਟਨ ਨੇ ਕਿਹਾ ਕਿ ਅਕਾਲੀਆਂ ਤੇ ‘ਆਪ’ ਵਾਲਿਆਂ ਨੇ ਚੋਣਾਂ ਸਮੇਂ ਚੁਰਾਸੀ ਯਾਦ ਆਉਂਦਾ ਹੈ। ਵੈਸੇ ਇਨ੍ਹਾਂ ਨੇ ਕਦੇ ਵੀ ਚੁਰਾਸੀ ‘ਤੇ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ, “ਮੈਂ ਉਹ ਵਿਅਕਤੀ ਹਾਂ ਜਿਸ ਨੇ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਆਪਣੀ ਹੀ ਪਾਰਟੀ ਤੋਂ ਅਸਤੀਫ਼ਾ ਦਿੱਤਾ।” ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ।
ਨਵਜੋਤ ਸਿੱਧੂ ਦੇ ਮਾਮਲੇ ‘ਤੇ ਕੈਪਟਨ ਨੇ ਕਿਹਾ ਕਿ ਸਿੱਧੂ ਬਿਨਾਂ ਸ਼ਰਤ ਕਾਂਗਰਸ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਇੰਚਾਰਜ ਆਸ਼ਾ ਕੁਮਾਰੀ ਸਿੱਧੂ ਨੂੰ ਪਾਰਟੀ ਵਿੱਚ ਆਉਣ ਲਈ ਕਹਿ ਚੁੱਕੇ ਹਨ।
ਸੂਬੇਦਾਰ ਰਾਮਕ੍ਰਿਸ਼ਨ ਦੀ ਖ਼ੁਦਕੁਸ਼ੀ ‘ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਮੋਦੀ ਸਰਕਾਰ ਫੇਲ੍ਹ ਹੈ। ਦੇਸ਼ ਦੇ ਜਵਾਨਾਂ ਦੀਆਂ ਮੰਗਾਂ ਮੰਨਣ ‘ਚ ਅਸਫਲ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਇੱਕ ਪਾਸੇ ਜਵਾਨਾਂ ਦੇ ਹੱਕ ਨਹੀਂ ਦੇ ਰਹੀ ਤੇ ਦੂਜੇ ਪਾਸੇ ਫੌਜ ਦਾ ਸਿਆਸੀਕਰਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ‘ਤੇ ਕੱਲ੍ਹ ਨੂੰ ਪੂਰੇ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕਰੇਗੀ ਤੇ ਗਵਰਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਕਿੰਨੀ ਡਰੀ ਹੋਈ ਹੈ।