ਭਾਜਪਾ ਵਿਕਾਸ ਦੇ ਮੁੱਦੇ ‘ਤੇ ਲੜੇਗੀ ਵਿਧਾਨ ਸਭਾ ਚੋਣਾਂ : ਸਾਂਪਲਾ

7-copy-copyਚੰਡੀਗੜ੍ਹ -ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਅੱਜ ਕਿਹਾ ਹੈ ਕਿ ਭਾਜਪਾ ਵਿਕਾਸ ਦੇ ਮੁੱਦੇ ‘ਤੇ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਪੰਜਾਬ ‘ਚ ਭਾਜਪਾ ਤੇ ਅਕਾਲੀ ਦਲ ਗੱਠਜੋੜ ਸਰਕਾਰ ਵਲੋਂ ਪਿਛਲੇ ਲਗਭਗ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਦੇਸ਼ ‘ਚ ਢਾਈ ਸਾਲ ਦੇ ਕਾਰਜਕਾਲ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਜਨਤਾ ਦੇ ਸਾਹਮਣੇ ਰੱਖੇਗੀ।
ਅੱਜ ਚੰਡੀਗੜ੍ਹ ‘ਚ ਭਾਜਪਾ ਦੇ ਸੂਬਾ ਮੁੱਖ ਦਫਤਰ ਵਿਚ ਆਪਣੇ 23 ਵਿਧਾਨ ਸਭਾ ਖੇਤਰਾਂ ਦੇ ਪਾਰਟੀ ਇੰਚਾਰਜ ਤੇ ਸਹਿ-ਇੰਚਾਰਜ ਅਤੇ ਇਨ੍ਹਾਂ ਅਧੀਨ ਆਉਂਦੇ 12 ਜਿਲ੍ਹਿਆਂ ਦੇ ਪ੍ਰਧਾਨ ਤੇ ਜਿਲ੍ਹਾ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਸ੍ਰੀ ਸਾਂਪਲਾ ਨੇ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਹਲਕਿਆਂ ਦੇ ਤਾਜ਼ਾ ਹਾਲਾਤ ਅਤੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕਜੁੱਟਤਾ ਦੇ ਨਾਲ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ ਤੇ ਅਕਾਲੀ ਦਲ ਗੱਠਜੋੜ ਦੇ ਮੁੜ ਸੱਤਾ ਵਿਚ ਆਉਣ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਅੰਦਰੂਨੀ ਕਲੇਸ਼ ਦੀ ਸ਼ਿਕਾਰ ਹੈ ਅਤੇ ਆਮ ਆਦਮੀ ਪਾਰਟੀ ਦਾ ਗਰਾਫ ਉਨ੍ਹਾਂ ਦੀਆਂ ਹੀ ਕਮਜ਼ੋਰੀਆਂ ਕਾਰਨ ਡਿੱਗ ਚੁੱਕਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਸੱਤਾ ਵਿਰੋਧੀ ਲਹਿਰ ਹੋਣਾ ਸੁਭਾਵਿਕ ਹੁੰਦਾ ਹੈ, ਲੇਕਿਨ ਭਾਜਪਾ ਵਿਰੁਧ ਅਜਿਹੀ ਲਹਿਰ ਨਾ ਪਹਿਲਾਂ ਸੀ ਅਤੇ ਨਾ ਹੀ ਹੁਣ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਆਪਣੇ ਵਰਕਰਾਂ ਦੇ ਕੰਮ ਕਰਨ ਦੀ ਸ਼ੈਲੀ ‘ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰੋਸਾ ਹੈ ਜਿਸਦੇ ਕਾਰਨ ਭਾਜਪਾ ਪੂਰੀ ਤਰ੍ਹਾਂ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਵੀ ਸੂਬੇ ਵਿਚ ਵਿਰੋਧੀਆਂ ਦੁਆਰਾ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਅਕਾਲੀ ਦਲ-ਭਾਜਪਾ ਮੁੜ ਸੱਤਾ ਵਿਚ ਨਹੀਂ ਆਉਣਗੇ, ਲੇਕਿਨ ਪਾਰਟੀ ਵਰਕਰਾਂ ਨੇ ਇਕਜੁਟਤਾ ਨਾਲ ਜੋ ਪ੍ਰਦਰਸ਼ਨ ਕੀਤਾ ਉਹ ਇਤਿਹਾਸ ਦੇ ਰੂਪ ਵਿਚ ਸਭ ਤੇ ਸਾਹਮਣੇ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ-ਭਾਜਪਾ ਗੱਠਜੋੜ ਦੀ ਲਗਾਤਾਰ ਤੀਸਰੀ ਵਾਰ ਸਰਕਾਰ ਬਣਨਾ ਤੈਅ ਹੈ।