ਜਲੰਧਰ –ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਏ ਘਪਲੇ ਤੋਂ ਬਾਅਦ ਕੌਂਸਲਰ ਪਤੀ ਦੀਆਂ 2-2 ਆਡੀਓ ਵਾਇਰਲ ਹੋਈਆਂ। ਇਕ ਆਡੀਓ ਵਿਚ ਤਾਂ ਕੌਂਸਲਰ ਪਤੀ ਨੇ ਕਮੀਸ਼ਨ ਦੇ ਪੈਸੇ ਘਰ ਪਹੁੰਚਾਉਣ ਦੀ ਗੱਲ ਵੀ ਕਹੀ ਪਰ ਇਸ ਦੇ ਬਾਵਜੂਦ ਵਿਜੀਲੈਂਸ ਨੇ ਕੋਈ ਸਖ਼ਤ ਐਕਸ਼ਨ ਨਹੀਂ ਲਿਆ। ਓਧਰ ਬੁੱਧਵਾਰ ਨੂੰ ਇਸ ਮਾਮਲੇ ਵਿਚ ਵਿਜੀਲੈਂਸ ਨੇ 2 ਜੇ. ਈਜ਼ ਦੇ ਬਿਆਨ ਦਰਜ ਕੀਤੇ। ਵੀਰਵਾਰ ਨੂੰ ਵੀ ਨਿਗਮ ਦੇ ਅਧਿਕਾਰੀ ਬੁਲਾਏ ਗਏ ਪਰ ਕੌਂਸਲਰ ਪਤੀ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਗਿਆ। ਆਡੀਓ ਦੇ ਸਬੂਤ ਹੋਣ ਦੇ ਬਾਵਜੂਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ।
ਪਿਛਲੇ ਸਾਲ ਤੋਂ ਵਿਜੀਲੈਂਸ ਕੋਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਏ ਘਪਲੇ ਦੀ ਫਾਈਲ ਪਈ ਹੈ ਪਰ ਅਜੇ ਤਕ ਨਾ ਤਾਂ ਕੋਈ ਕੇਸ ਦਰਜ ਕੀਤਾ ਗਿਆ ਅਤੇ ਨਾ ਹੀ ਕਿਸੇ ਦੀ ਗ੍ਰਿਫ਼ਤਾਰੀ ਪਾਈ ਗਈ, ਹਾਲਾਂਕਿ ਵਿਜੀਲੈਂਸ ਨੇ ਨਾਜਾਇਜ਼ ਢੰਗ ਨਾਲ ਫੰਡ ਲੈਣ ਵਾਲੇ ਲੋਕਾਂ ਦੇ ਬਿਆਨ ਜ਼ਰੂਰ ਲਏ ਹਨ ਪਰ ਘਪਲਾ ਕਰਨ ਵਾਲੇ ਕੌਂਸਲਰ ਪਤੀ ’ਤੇ ਅਜੇ ਤਕ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਗਿਆ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਏ ਘਪਲੇ ਦੀ ਜਾਂਚ ਦੌਰਾਨ ਉੱਤਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਪਤੀ ਦੀਆਂ 2-2 ਆਡੀਓ ਵਾਇਰਲ ਹੋ ਗਈਆਂ ਸਨ।
ਕੌਂਸਲਰ ਪਤੀ ਸਕੀਮ ਤਹਿਤ ਮਿਲੇ ਫੰਡ ਦੀ ਆੜ ’ਚ ਕਮੀਸ਼ਨ ਦੇ 50 ਹਜ਼ਾਰ ਰੁਪਏ ਮੰਗ ਰਿਹਾ ਸੀ, ਜਿਸ ਨੂੰ ਫੰਡ ਮਿਲੇ ਉਸ ਦਾ ਘਰ ਵੀ ਪੱਕਾ ਸੀ ਪਰ ਬਾਲਿਆਂ ਵਾਲੀਆਂ ਛੱਤਾਂ ਸ਼ੋਅ ਕਰਕੇ ਉਸ ਵਿਅਕਤੀ ਦਾ 1.65 ਲੱਖ ਦਾ ਫੰਡ ਪਾਸ ਕਰਵਾ ਦਿੱਤਾ, ਜਿਸ ਵਿਚੋਂ 1.12 ਲੱਖ ਮਿਲੇ ਸਨ ਅਤੇ 65 ਹਜ਼ਾਰ ਰੁਪਏ ਆਉਣੇ ਬਾਕੀ ਸਨ। ਪੈਸੇ ਮਿਲਣ ਤੋਂ ਬਾਅਦ ਕੌਂਸਲਰ ਪਤੀ ਨੇ ਨਿਗਮ ਦੇ ਅਧਿਕਾਰੀਆਂ ਤੋਂ ਫੋਨ ਕਰਵਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਹੋਈ ਕੌਂਸਲਰ ਪਤੀ ਨਾਲ ਗੱਲ ਦੀ ਆਡੀਓ ਰਿਕਾਰਡ ਕਰਕੇ ਵਾਇਰਲ ਕਰ ਦਿੱਤੀ ਗਈ ਸੀ।
ਵਿਰੋਧੀ ਪਾਰਟੀਆਂ ਨੇ ਰਿਕਾਰਡ ਇਕੱਠਾ ਕਰਨਾ ਕੀਤਾ ਸ਼ੁਰੂ
ਦੂਜੇ ਪਾਸੇ ਸੂਤਰਾਂ ਮੰਨੀਏ ਤਾਂ ਇਸੇ ਮਾਮਲੇ ਵਿਚ ਵਿਰੋਧੀ ਪਾਰਟੀਆਂ ਨੇ ਆਉਣ ਵਾਲੇ ਸੰਸਦ ਦੇ ਸੈਸ਼ਨ ਵਿਚ ਆਵਾਜ਼ ਉਠਾਉਣ ਲਈ ਇਸ ਕੇਸ ਦੇ ਸਾਰੇ ਰਿਕਾਰਡ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਇਸ ਤੋਂ ਬਚਣ ਲਈ ਸੈਸ਼ਨ ਤੋਂ ਪਹਿਲਾਂ-ਪਹਿਲਾਂ ਕੌਂਸਲਰ ਪਤੀ ਖ਼ਿਲਾਫ਼ ਕਾਰਵਾਈ ਕਰਵਾ ਸਕਦੀ ਹੈ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਪਾਰਟੀ ਦੇ ਭ੍ਰਿਸ਼ਟ ਕੌਂਸਲਰ ਪਤੀ ਨੂੰ ਲੈ ਕੇ ਸੰਸਦ ਦੇ ਸੈਸ਼ਨ ਵਿਚ ਬੇਹੱਦ ਚਰਚਾ ਵੇਖਣ ਨੂੰ ਮਿਲ ਸਕਦੀ ਹੈ। ਇਸ ਮਾਮਲੇ ਨੂੰ ਵਿਧਾਇਕ ਰਮਨ ਅਰੋੜਾ ਨਾਲ ਵੀ ਜੋੜਿਆ ਜਾ ਸਕਦਾ ਹੈ।















