ਮਾਸਕੋਂ ਸਾਬਕਾ ਚੋਟੀ ਦਰਜਾ ਪ੍ਰਾਪਤ ਰੂਸ ਦੀ ਮਹਿਲਾ ਟੈਨਿਸ ਸਟਾਰ ਮਾਰਿਆ ਸ਼ਾਰਾਪੋਵਾ ਨੂੰ ਮਹਿਲਾ ਟੈਨਿਸ ਸੰਘ ਨੇ ਆਪਣੀ ਵਿਸ਼ਵ ਰੈਂਕਿੰਗ ਤੋਂ ਹਟਾ ਦਿੱਤਾ ਹੈ। ਡਬਲਿਊ. ਟੀ. ਏ. ਦੀ ਅਧਿਕਾਰਕ ਵੈੱਬਸਾਇਟ ‘ਤੇ ਇਸ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਡੋਪਿੰਗ ਦੀ ਦੋਸ਼ੀ ਪਾਏ ਜਾਣ ਤੋਂ ਬਾਅਦ ਪਾਬੰਦੀ ਝੱਲ ਰਹੀ ਸ਼ਾਰਾਪੋਵਾ ਪਿੱਛਲੇ ਹਫ਼ਤੇ ਵਿਸ਼ਵ ਰੈਂਕਿੰਗ ‘ਚ 93ਵੇਂ ਸਥਾਨ ‘ਤੇ ਸੀ।ਸ਼ਾਰਾਪੋਵਾ ‘ਤੇ ਸ਼ੁਰੂਆਤ ‘ਚ ਦੋ ਸਾਲ ਦੀ ਪਾਬੰਦੀ ਲਗਾਈ ਗਈ ਸੀ, ਪਰ ਵਿਸ਼ਵ ਦੀ ਸਭ ਤੋਂ ਵੱਡੀ ਖੇਡ ਅਦਾਲਤ ਨੇ 4 ਅਕਤੂਬਰ ਨੂੰ ਉਸ ‘ਤੇ ਲੱਗੀ ਪਾਬੰਦੀ ਦੇ ਸਮੇਂ ਅੰਤਰਾਲ ਨੂੰ ਘੱਟਾ ਕੇ 15 ਮਹੀਨੇ ਕਰ ਦਿੱਤੀ ਸੀ। ਹੁਣ ਸ਼ਾਰਾਪੋਵਾ ਅਗਲੇ ਸਾਲ 26 ਅਪ੍ਰੈਲ ਨੂੰ ਆਪਣੀ ਪਾਬੰਦੀ ਝੱਲ ਕੇ ਕੋਰਟ ‘ਤੇ ਵਾਪਸੀ ਕਰ ਸਕੇਗੀ। ਪਾਬੰਦੀ ਕਾਰਨ ਲੰਡਨ ਓਲੰਪਿਕ 2012 ‘ਚ ਚਾਂਦੀ ਤਮਗਾ ਜੇਤੂ ਰਹੀ ਸ਼ਾਰਾਪੋਵਾ ਇਸ ਸਾਲ ਅਗਸਤ ‘ਚ ਹੋਏ ਰੀਓ ਓਲੰਪਿਕ 2016 ‘ਚ ਹਿੱਸਾ ਨਹੀਂ ਲੈ ਸਕੀ ਸੀ।ਸ਼ਾਰਾਪੋਵਾ ਦਸੰਬਰ ‘ਚ ਫ਼੍ਰੈਂਚ ਓਪਨ ਜੇਤੂ ਸਪੇਨ ਦੀ ਗਾਰਬਾਇਨ ਮੁਗੁਰੂਜਾ ਵਿਰੁੱਧ ਮੈਡ੍ਰਿਡ ‘ਚ ਇੱਕ ਪ੍ਰਦਰਸ਼ਨੀ ਮੈਚ ਖੇਡਣ ਵਾਲੀ ਹੈ। ਇਸ ਦੌਰਾਨ ਉਸ ਨੂੰ ਕਈ ਵੱਡੇ ਟੂਰਨਾਮੈਂਟਾਂ ਤੋਂ ਦੂਰ ਰਹਿਣਾ ਪਵੇਗਾ ਅਤੇ ਜਦੋਂ ਉਹ ਵਾਪਸੀ ਕਰੇਗੀ ਤਾਂ ਉਸ ਨੂੰ ਫ਼੍ਰੈਂਚ ਓਪਨ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ‘ਚ ਮੁਕਾਬਲਾ ਕਰਨਾ ਹੋਵੇਗਾ। ਇਹ ਫ਼੍ਰੈਂਚ ਓਪਨ ਅਗਲੇ ਸਾਲ 28 ਮਈ ਤੋਂ 11 ਜੂਨ ਵਿੱਚਾਲੇ ਹੋਣਾ ਹੈ। ਹਾਲਾਂਕਿ ਸ਼ਾਰਾਪੋਵਾ ਕੋਲ ਇੰਨਾਂ ਸਮਾਂ ਨਹੀਂ ਹੋਵੇਗਾ ਕਿ ਉਹ ਫ਼੍ਰੈਂਚ ਓਪਨ ‘ਚ ਹਿੱਸਾ ਲੈਣ ਲਈ ਜਰੂਰੀ ਰੈਟਿੰਗ ਅੰਕ ਹਾਸਲ ਕਰ ਸਕੇ। ਅਜਿਹੇ ‘ਚ ਹੋ ਸਕਦਾ ਹੈ ਕਿ ਉਸ ਨੂੰ ਵਾਇਲਡ ਕਾਰਡ ਰਾਹੀ ਫ਼੍ਰੈਂਚ ਓਪਨ 2017 ‘ਚ ਐਂਟਰੀ ਮਿਲ ਜਾਵੇ।















