ਸ਼੍ਰੀਨਗਰ ਏਅਰਬੇਸ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ, ਧਾਕੜ ਸਪੀਚ ਨਾਲ ਜਵਾਨਾਂ ‘ਚ ਭਰਿਆ ਜੋਸ਼

ਨੈਸ਼ਨਲ ਡੈਸਕ- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਸ਼੍ਰੀਨਗਰ ਦੇ ਪਹੁੰਚੇ, ਜਿੱਥੇ ਉਨ੍ਹਾਂ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਜਵਾਨਾਂ ਦੇ ਆਪਰੇਸ਼ਨ ਸਿੰਦੂਰ ‘ਚ ਯੋਗਦਾਨ ਬਾਰੇ ਬੋਲਦੇ ਹੋਏ ਕਿਹਾ ਕਿ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ। ਇਸ ਦੌਰਾਨ ਰੱਖਿਆ ਮੰਤਰੀ ਦੇ ਨਾਲ ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਪਹਿਲਾ ਜੰਮੂ-ਕਸ਼ਮੀਰ ਦੌਰਾ ਹੈ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਲਈ ਦੇਸ਼ ਨੂੰ ਆਪਣੇ ਜਵਾਨਾਂ ‘ਤੇ ਮਾਣ ਹੈ ਤੇ ਇਸ ਮਿਸ਼ਨ ਨੂੰ ਪਾਕਿਸਤਾਨ ਵੀ ਕਦੇ ਨਹੀਂ ਭੁੱਲ ਸਕਦਾ। ਪਹਿਲਗਾਮ ‘ਚ ਹੋਏ ਕਾਇਰਾਨਾ ਹਮਲੇ ਦੀ ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ‘ਚ ਭਾਰਤ ‘ਤੇ ਅਜਿਹਾ ਕਾਇਰਾਨਾ ਹਮਲਾ ਜੰਗ ਦਾ ਐਲਾਨ ਮੰਨਿਆ ਜਾਵੇਗਾ ਤੇ ਫ਼ਿਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ ਤੇ ਪਾਕਿਸਤਾਨ ਨੂੰ ਆਪਣੀ ਭਾਸ਼ਾ ‘ਚ ਜਵਾਬ ਦੇਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਨਾਲ ਹੁਣ ਸਿਰਫ਼ ਪੀ.ਓ.ਕੇ. ਦੇ ਮੁੱਦੇ ‘ਤੇ ਗੱਲਬਾਤ ਹੋਵੇਗੀ।
ਉਨ੍ਹਾਂ ਕਿਹਾ ਕਿ ਦੇਸ਼ ਪਾਕਿਸਤਾਨ ਦੀ ਨਿਊਕਲੀਅਰ ਹਮਲੇ ਦੀ ਧਮਕੀ ਦੀ ਪਰਵਾਹ ਨਹੀਂ ਕਰਦਾ ਤੇ ਸਾਡੀ ਜੰਗ ਅੱਤਵਾਦ ਨਾਲ ਹੈ, ਇਸ ਨੂੰ ਪਾਕਿਸਤਾਨ ਬਿਨਾਂ ਗੱਲ ਤੋਂ ਆਪਣੀ ਜੰਗ ਨਾ ਬਣਾਵੇ, ਨਹੀਂ ਤਾਂ ਅੱਗੇ ਵੀ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਉਨ੍ਹਾਂ ਕਿਹਾ ਕਿ ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲਣਗੇ। ਪਾਕਿਸਤਾਨ ਨੂੰ ਜੇਕਰ ਭਾਰਤ ਨਾਲ ਸ਼ਾਂਤੀ ਸਥਾਪਤ ਕਰ ਕੇ ਕਿਸੇ ਹੋਰ ਮੁੱਦੇ ‘ਤੇ ਗੱਲ ਕਰਨੀ ਹੈ ਤਾਂ ਉਸ ਨੂੰ ਅੱਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰਨਾ ਪਵੇਗਾ।