ਮਿਆਂਮਾਰ ਮਗਰੋਂ ਹੁਣ ਇਸ ਦੇਸ਼ ‘ਚ ਅੱਧੀ ਰਾਤੀਂ ਕੰਬ ਗਈ ਜ਼ਮੀਨ, ਸੁੱਤੇ ਪਏ ਲੋਕਾਂ ਨੂੰ ਪੈ ਗਈਆਂ ਭਾਜੜਾਂ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਪਿਛਲੇ ਮਹੀਨੇ ਮਿਆਂਮਾਰ ‘ਚ ਆਏ 7.7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾ ਰੱਖੀ ਹੈ, ਉੱਥੇ ਹੀ ਅੱਜ ਇਕ ਹੋਰ ਦੇਸ਼ ਭੂਚਾਲ ਦੇ ਜ਼ੋਰਦਾਰ ਝਟਕੇ ਨਾਲ ਕੰਬ ਗਿਆ, ਜਿਸ ਮਗਰੋਂ ਇਲਾਕੇ ਦੇ ਲੋਕਾਂ ਦੇ ਮਨਾਂ ‘ਚ ਦਹਿਸ਼ਤ ਦਾ ਮਾਹੌਲ ਛਾ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਇੰਡੋਨੇਸ਼ੀਆ ਦੇ ਆਚੇ ਸੂਬੇ ‘ਚ ਉੱਥੇ ਦੇ ਸਮੇਂ ਅਨੁਸਾਰ ਤੜਕੇ 2.48 ਵਜੇ 5.7 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਲੋਕਾਂ ਦੇ ਦਿਲਾਂ ‘ਚ ਦਹਿਸ਼ਤ ਛਾ ਗਈ। ਧਰਤੀ ਕੰਬਣ ਮਗਰੋਂ ਲੋਕ ਡਰ ਦੇ ਮਾਰੇ ਘਰੋਂ ਬਾਹਰ ਵੱਲ ਨੂੰ ਭੱਜ ਗਏ।
ਇਸ ਭੂਚਾਲ ਦਾ ਕੇਂਦਰ ਸਿਨਾਬੰਗ ਸ਼ਹਿਰ ਤੋਂ 62 ਕਿੱਲੋਮੀਟਰ ਦੱਖਣ-ਪੂਰਬ ‘ਚ ਜ਼ਮੀਨ ਤੋਂ 30 ਕਿੱਲੋਮੀਟਰ ਹੇਠਾਂ ਸੀ। ਹਾਲਾਂਕਿ ਇਸ ਭੂਚਾਲ ਕਾਰਨ ਕਿਸ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਨੂੰ ਜਵਾਲਾਮੁਖੀਆਂ ਦੀ ਜ਼ਿਆਦਾ ਗਿਣਤੀ ਕਾਰਨ ਇੱਥੇ ਭੂਚਾਲ ਆਉਂਦੇ ਹੀ ਰਹਿੰਦੇ ਹਨ। ਇਸੇ ਤਰ੍ਹਾਂ ਸਾਲ 2004 ‘ਚ ਇੱਥੇ 9.1 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਸੁਨਾਮੀ ਦੀਆਂ ਉੱਚੀਆਂ ਲਹਿਰਾਂ ਵੀ ਉੱਠੀਆਂ ਸਨ, ਜਿਸ ਨੇ ਭਾਰੀ ਤਬਾਹੀ ਮਚਾਈ ਸੀ ਤੇ 2 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ।