ਨਿਊ ਜ਼ੀਲੈਂਡ ਖ਼ਿਲਾਫ਼ ਅਗਲਾ ਮੈਚ ਜਿੱਤੇ ਕੇ ਫ਼ਿਰ ਨੰਬਰ ਵੰਨ ਬਣ ਸਕਦੈ ਭਾਰਤ!

sports-news-300x150ਨਵੀਂ ਦਿੱਲੀ: ਕਾਨਪੁਰ ਦੇ ਗ੍ਰੀਨ ਪਾਰਕ ਵਿੱਚ ਇਤਿਹਾਸਕ 500ਵਾਂ ਟੈੱਸਟ ਖੇਡਣ ਵਾਲੀ ਭਾਰਤੀ ਟੀਮ ਹੁਣ ਸ਼ੁੱਕਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਨਿਊ ਜ਼ੀਲੈਂਡ ਖ਼ਿਲਾਫ਼ ਦੂਜਾ ਮੈਚ ਖੇਡਣ ਲਈ ਉਤਰੇਗੀ ਤਾਂ ਇਹ ਉਸ ਦਾ ਘਰੇਲੂ ਸਰਜ਼ਮੀਨ ‘ਤੇ 250ਵਾਂ ਟੈਸਟ ਹੋਵੇਗਾ। ਭਾਰਤ ਨੇ ਹੁਣ ਤਕ ਆਪਣੀ ਧਰਤੀ ‘ਤੇ 249 ਟੈੱਸਟ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ 88 ਵਿੱਚ ਉਸ ਨੂੰ ਜਿੱਤ ਜਦਕਿ 51 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਮੈਚ ਟਾਈ ਰਿਹਾ ਤੇ 109 ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਰਹੇ। ਵਿਦੇਸ਼ੀ ਧਰਤੀ ‘ਤੇ ਖੇਡੇ ਮੈਚਾਂ ਦੀ ਗੱਲ ਕਰੀਏ ਤਾਂ 42 ਵਿੱਚ ਭਾਰਤ ਦੇ ਹੱਥ ਫ਼ਤਹਿ ਲੱਗੀ ਜਦਕਿ 106 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ 103 ਮੈਚ ਡਰਾਅ ਰਹੇ। ਈਡਨ ਗਾਰਡਨਜ਼ ‘ਤੇ ਦੂਜੇ ਟੈੱਸਟ ਮੈਚ ਨਾਲ ਭਾਰਤ ਵਿਸ਼ਵ ਦਾ ਤੀਜਾ ਮੁਲਕ ਬਣ ਜਾਏਗਾ ਜਿਸ ਨੇ ਆਪਣੀ ਹੀ ਧਰਤੀ ‘ਤੇ 250 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 501 ਘਰੇਲੂ ਟੈਸਟ ਮੈਚਾਂ ਨਾਲ ਇੰਗਲੈਂਡ ਸਿਖਰ ‘ਤੇ ਹੈ ਜਦਕਿ ਦੂਜਾ ਨੰਬਰ ਆਸਟਰੇਲੀਆ (404 ਟੈੱਸਟ ਮੈਚ) ਦਾ ਹੈ। ਵੈੱਸਟ ਇੰਡੀਜ਼ (237) ਚੌਥੇ ਤੇ ਦੱਖਣੀ ਅਫ਼ਰੀਕਾ (217) ਨਾਲ ਪੰਜਵੇਂ ਸਥਾਨ ‘ਤੇ ਹੈ। ਭਾਰਤ ਨੇ ਆਪਣੀ ਸਰਜ਼ਮੀਂ ‘ਤੇ ਜ਼ਿਆਦਾਤਰ ਮੈਚ ਆਜ਼ਾਦੀ ਤੋਂ ਬਾਅਦ ਖੇਡੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤ ਨੇ ਘਰੇਲੂ ਮੈਦਾਨ ‘ਤੇ ਮਹਿਜ਼ ਤਿੰਨ ਮੈਚ ਖੇਡੇ ਸਨ ਜਿਨ੍ਹਾਂ ਵਿੱਚੋਂ ਦੋ ‘ਚ ਉਸ ਨੂੰ ਸ਼ਿਕਸਤ ਝੱਲਣੀ ਪਈ ਸੀ। ਭਾਰਤ ਨੇ ਪਹਿਲਾ ਮੈਚ 15 ਦਸੰਬਰ 1933 ਨੂੰ ਇੰਗਲੈਂਡ ਖ਼ਿਲਾਫ਼ ਮੁੰਬਈ ਦੇ ਜਿਮਖਾਨਾ ਵਿੱਚ ਖੇਡਿਆ ਤੇ ਇਸ ਮੁਕਾਬਲੇ ਵਿੱਚ ਉਸ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਮਿਲੀ ਸੀ। ਇਸੇ ਮੈਚ ਵਿੱਚ ਲਾਲਾ ਅਮਰਨਾਥ ਨੇ ਆਪਣੇ ਪਲੇਠੇ ਮੁਕਾਬਲੇ ਵਿੱਚ ਸੈਂਕੜਾ ਜੜਿਆ। ਭਾਰਤ ਨੇ ਘਰੇਲੂ ਮੈਦਾਨ ‘ਤੇ ਆਪਣਾ 100ਵਾਂ ਟੈੱਸਟ ਨਵੰਬਰ 1979 ਵਿੱਚ ਪਾਕਿਸਤਾਨ ਖ਼ਿਲਾਫ਼ ਬੰਗਲੌਰ ਵਿੱਚ ਖੇਡਿਆ ਜੋ ਡਰਾਅ ਰਿਹਾ ਜਦਕਿ 150?? ਮੈਚ ਜ਼ਿੰਬਾਬਵੇ ਖ਼ਿਲਾਫ਼ ਮਾਰਚ 1993 ਵਿੱਚ ਦਿੱਲੀ ‘ਚ ਹੋਇਆ ਜਿਸ ਵਿੱਚ ਭਾਰਤ ਇੱਕ ਪਾਰੀ ਅਤੇ 13 ਦੌੜਾਂ ਨਾਲ ਜੇਤੂ ਰਿਹਾ। ਇਸ ਮੈਚ ਵਿੱਚ ਵਿਨੋਦ ਕਾਂਬਲੀ ਨੇ ਦੋਹਰਾ ਸੈਂਕੜਾ (227) ਜੜਿਆ।
ਸੰਜੋਗ ਨਾਲ 200ਵਾਂ ਘਰੇਲੂ ਟੈੱਸਟ ਕੋਲਕਾਤਾ ਵਿੱਚ ਹੀ ਖੇਡਿਆ ਗਿਆ। ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਇਸ ਮੁਕਾਬਲੇ ਵਿੱਚ ਰਾਹੁਲ ਦਰਾਵਿੜ ਨੇ ਮੈਚ ਦੀਆਂ ਦੋਹਾਂ ਪਾਰੀਆਂ ਵਿੱਚ ਸੈਂਕੜੇ (110 ਤੇ 135) ਲਾਏ। ਭਾਰਤ ਨੇ ਇਹ ਮੁਕਾਬਲਾ 195 ਦੌੜਾਂ ਨਾਲ ਜਿੱਤਿਆ।
ਇਸ ਤਰ੍ਹਾਂ ਭਾਰਤ ਜੇਕਰ ਦੂਜੇ ਟੈੱਸਟ ਵਿੱਚ ਨਿਊ ਜ਼ੀਲੈਂਡ ਨੂੰ ਮਾਤ ਦਿੰਦਾ ਹੈ ਤਾਂ ਇਹ ਉਸ ਦੀ ਹੈਟ੍ਰਿਕ ਹੋਵੇਗੀ। ਇਹ ਵੀ ਦਿਲਚਸਪ ਹੈ ਕਿ ਭਾਰਤ ਨੇ ਆਪਣੀ ਧਰਤੀ ‘ਤੇ ਸਭ ਤੋਂ ਵੱਧ ਟੈੱਸਟ ਈਡਨ ਗਾਰਡਨਜ਼ ਵਿੱਚ ਹੀ ਖੇਡੇ ਹਨ। ਕੋਲਕਾਤਾ ਦੇ ਇਸ ਮੈਦਾਨ ‘ਤੇ ਨਿਊ ਜ਼ੀਲੈਂਡ ਖ਼ਿਲਾਫ਼ ਭਾਰਤ ਦਾ ਇਹ ਕੁੱਲ 40ਵਾਂ ਟੈੱਸਟ ਮੈਚ ਹੋਵੇਗਾ। ਇਥੇ ਖੇਡੇ 39 ਮੈਚਾਂ ‘ਚੋਂ 11 ਵਿੱਚ ਭਾਰਤ ਨੂੰ ਜਿੱਤ ਜਦਕਿ ਨੌਂ ਵਿੱਚ ਹਾਰ ਨਸੀਬ ਹੋਈ। ਉਂਝ ਭਾਰਤ ਨੇ ਇੰਗਲੈਂਡ ਖ਼ਿਲਾਫ਼ ਸਭ ਤੋਂ ਵੱਧ 55 ਘਰੇਲੂ ਟੈੱਸਟ ਖੇਡੇ ਹਨ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦਾ ਆਪਣੀ ਧਰਤੀ ‘ਤੇ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਆਖਰੀ 49 ਮੈਚਾਂ ਵਿੱਚ 29 ‘ਚ ਉਸ ਨੂੰ ਜਿੱਤ ਜਦਕਿ ਸਿਰਫ਼ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੈੱਸਟ ਕਪਤਾਨਾਂ ਦੀ ਗੱਲ ਕਰੀਏ ਤਾਂ ਮਹਿੰਦਰ ਸਿੰਘ ਧੋਨੀ ਭਾਰਤ ਦਾ ਸਭ ਤੋਂ ਸਫ਼ਲ ਕਪਤਾਨ ਹੈ। ਉਸ ਦੀ ਅਗਵਾਈ ਵਿੱਚ ਟੀਮ ਨੇ 21 ਟੈੱਸਟ ਫ਼ਤਹਿ ਕੀਤੇ ਹਨ ਜਦਕਿ ਤਿੰਨ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਮੁਹੰਮਦ ਅਜ਼ਹਰੂਦੀਨ ਤੇ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ ਵੀ ਭਾਰਤ ਨੇ ਘਰੇਲੂ ਸਰਜ਼ਮੀਂ ‘ਤੇ ਸਫ਼ਲਤਾ ਦੇ ਝੰਡੇ ਗੱਢੇ।