ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ 6 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਚੱਲ ਰਹੇ ਦੋਹਰੇ ਮੁਕਾਬਲਿਆਂ ‘ਚ 6 ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਦੇਰਗਾਮ ਮੁਕਾਬਲੇ ਵਾਲੀ ਜਗ੍ਹਾ ਤੋਂ ਐਤਵਾਰ ਨੂੰ 2 ਹੋਰ ਲਾਸ਼ਾਂ ਮਿਲਣ ਨਾਲ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 6 ਹੋ ਗਈ ਹੈ। ਮੁਕਾਬਲੇ ‘ਚ ਪੈਰਾ ਕਮਾਂਡੋ ਲਾਂਸ ਨਾਇਕ ਪ੍ਰਦੀਪ ਨੈਨ ਅਤੇ ਇਕ ਰਾਸ਼ਟਰੀ ਰਾਈਫ਼ਲਜ਼ ਦੇ ਹੌਲਦਾਰ ਰਾਜ ਕੁਮਾਰ ਸ਼ਹੀਦ ਹੋ ਗਏ। ਕੁਲਗਾਮ ਜ਼ਿਲ੍ਹੇ ਦੇ 2 ਪਿੰਡਾਂ ਚਨਿਗਾਮ ਅਤੇ ਮੁਦੇਰਗਾਮ ‘ਚ ਸ਼ਨੀਵਾਰ ਨੂੰ ਮੁਕਾਬਲਾ ਹੋਇਆ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਚਨਿਗਾਮ ਪਿੰਡ ‘ਚ ਸੁਰੱਖਿਆ ਫ਼ੋਰਸਾਂ ਨਾਲ ਚੱਲ ਰਹੇ ਮੁਕਾਬਲੇ ‘ਚ ਸ਼ਨੀਵਾਰ ਨੂੰ ਹਿਜ਼ਬੁਲ ਮੁਜਾਹੀਦੀਨ ਦੇ ਇਕ ਕਮਾਂਡਰ ਸਮੇਤ ਚਾਰ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ,”ਚਨਿਗਾਮ ਪਿੰਡ ‘ਚ ਮੁਹਿੰਮ ਅਜੇ ਵੀ ਜਾਰੀ ਹੈ। ਦੋਵੇਂ ਮੁਕਾਬਲੇ ਵਾਲੀਆਂ ਜਗ੍ਹਾ ‘ਤੇ ਡਰੋਨ ਅਤੇ ਹੋਰ ਨਿਗਰਾਨੀ ਉਪਕਰਣ ਤਾਇਨਾਤ ਕੀਤੇ ਗਏ ਹਨ।” ਦੋਵੇਂ ਮੁਕਾਬਲੇ ਉਦੋਂ ਸ਼ੁਰੂ ਹੋਏ, ਜਦੋਂ ਸੁਰੱਖਿਆ ਫ਼ੋਰਸਾਂ ਨੇ ਕੁਲਗਾਮ ਜ਼ਿਲ੍ਹੇ ‘ਚ ਇਕ ਦੂਜੇ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੁਦੇਰਗਾਮ ਅਤੇ ਚਾਨੀਗਾਮ ਪਿੰਡਾਂ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉੱਥੇ ਕਾਸੋ (ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ) ਸ਼ੁਰੂ ਕੀਤੀ।