ਨਵਾਦਾ: ਯੂਜੀਸੀ ਨੈੱਟ ਪੇਪਰ ਲੀਕ ਮਾਮਲੇ ਦੀ ਜਾਂਚ ਲਈ ਦਿੱਲੀ ਤੋਂ ਬਿਹਾਰ ਦੇ ਨਵਾਦਾ ਪਹੁੰਚੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ‘ਤੇ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਪੁਲਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੁਪਰਡੈਂਟ ਅੰਬਰੀਸ਼ ਰਾਹੁਲ ਨੇ ਐਤਵਾਰ ਨੂੰ ਦੱਸਿਆ ਕਿ ਯੂਜੀਸੀ ਨੈੱਟ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਦੀ ਟੀਮ ਸ਼ਨੀਵਾਰ ਨੂੰ ਨਵਾਦਾ ਜ਼ਿਲ੍ਹੇ ਦੇ ਰਾਜੌਲੀ ਥਾਣੇ ਦੇ ਪਿੰਡ ਕਾਸਿਆਡੀਹ ਪਹੁੰਚੀ ਸੀ।
ਸੀਬੀਆਈ ਦੀ ਟੀਮ ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਇੱਕ ਵਿਅਕਤੀ ਦੀ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਕਸਿਆਡੀਹ ਪਹੁੰਚੀ ਸੀ ਪਰ ਪਿੰਡ ਵਾਸੀਆਂ ਨੇ ਇਸ ਨੂੰ ਫਰਜ਼ੀ ਦੱਸਦਿਆਂ ਸੀਬੀਆਈ ਟੀਮ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਟੀਮ ਦੇ ਵਾਹਨਾਂ ਦੀ ਵੀ ਭੰਨਤੋੜ ਕੀਤੀ। ਸੀਬੀਆਈ ਦੀ ਜਾਂਚ ਟੀਮ ਵਿੱਚ ਸਥਾਨਕ ਪੁਲਸ ਦੀ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਚਾਰ ਅਧਿਕਾਰੀ ਸ਼ਾਮਲ ਸਨ। ਪਿੰਡ ਵਾਸੀਆਂ ਦੇ ਹਮਲੇ ਤੋਂ ਘਬਰਾ ਕੇ ਸੀਬੀਆਈ ਟੀਮ ਨੇ ਰਜੌਲੀ ਪੁਲਸ ਨੂੰ ਸੂਚਿਤ ਕੀਤਾ। ਰਜੌਲੀ ਪੁਲਸ ਨੇ ਕਿਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ।
ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸਥਾਨਕ ਪੁਲਸ ਦੀ ਮੌਜੂਦਗੀ ‘ਚ ਜਾਂਚ ਕੀਤੀ, ਜਿਸ ‘ਚ ਲੋਕੇਸ਼ਨ ਦੇ ਆਧਾਰ ‘ਤੇ ਦੋ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ। ਰਾਜੌਲੀ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀਬੀਆਈ ਟੀਮ ‘ਤੇ ਹਮਲੇ ਦੇ ਮਾਮਲੇ ‘ਚ ਕਸਿਆਡੀਹ ਪਿੰਡ ਦੇ 8 ਨਾਮਜ਼ਦ ਅਤੇ 150-200 ਲੋਕਾਂ ਖ਼ਿਲਾਫ਼ ਰਾਜੌਲੀ ਥਾਣੇ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਸਬੰਧ ਵਿੱਚ ਪਿੰਡ ਵਾਸੀ ਪ੍ਰਿੰਸ ਕੁਮਾਰ ਅਤੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੱਟਮਾਰ ਦੀ ਘਟਨਾ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ, ਜਿਸ ਦੇ ਆਧਾਰ ‘ਤੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।















