ਆਤਮਸਮਰਪਣ ਕਰਨ ਤੋਂ ਪਹਿਲਾਂ ਬੋਲੇ ਕੇਜਰੀਵਾਲ- ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾਂ ਹਾਂ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ‘ਚ ਆਤਮਸਮਰਪਣ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਇਸ ਲਈ ਦੁਬਾਰਾ ਜੇਲ੍ਹ ਨਹੀਂ ਜਾ ਰਿਹਾ ਕਿ ਮੈਂ ਭ੍ਰਿਸ਼ਟਾਚਾਰ ਕੀਤਾ ਹੈ, ਸਗੋਂ ਇਸ ਲਈ ਜਾ ਰਿਹਾ ਹਾਂ ਕਿਉਂਕਿ ਮੈਂ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਚੁੱਕੀ ਹੈ। 21 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਇਕ ਇਹ ਗੱਲ ਵਧੀਆ ਹੋਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਕੋਲ ਮੇਰੇ ਖ਼ਿਲਾਫ਼ ਸਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ 500 ਤੋਂ ਵੱਧ ਥਾਵਾਂ ‘ਤੇ ਤੁਸੀਂ ਛਾਪਾ ਮਾਰਿਆ ਹੈ, ਤੁਹਾਨੂੰ ਜੇਕਰ ਕੋਈ ਪੈਸਾ ਨਹੀਂ ਮਿਲਿਆ ਤਾਂ ਪੈਸਾ ਕਿੱਥੇ ਗਿਆ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ, ਮੈਨੂੰ ਨਹੀਂ ਪਤਾ ਹੁਣ ਮੈਂ ਵਾਪਸ ਆਵਾਂਗਾ ਜਾਂ ਨਹੀਂ। ਇਹ ਮੇਰੇ ਨਾਲ ਜੇਲ੍ਹ ‘ਚ ਕੀ ਕਰਨਗੇ। ਉਨ੍ਹਾਂ ਕਿਹਾ ਕਿ ਮੇਰੇ ਖੂਨ ਦਾ ਇਕ-ਇਕ ਕਤਰਾ ਦੇਸ਼ ਲਈ ਹੈ।
ਕੇਜਰੀਵਾਲ ਨੇ ਐਗਜ਼ਿਟ ਪੋਲ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਫਰਜ਼ੀ ਐਗਜ਼ਿਟ ਪੋਲ ਕਰਵਾਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਲੋਕ ਇਹ ਆਤਮਵਿਸ਼ਵਾਸ ਰੱਖੋ ਕਿ ਅਸੀਂ ਜਿੱਤ ਰਹੇ ਹਾਂ। ਇਹ ਚੋਣਾਂ ਦੇਸ਼ ਅਤੇ ਜਨਤੰਤਰ ਨੂੰ ਬਚਾਉਣ ਲਈ ਹਨ।
ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸੁਪਰੀਮ ਕੋਰਟ ਵਲੋਂ ਦਿੱਤੀ ਗਈ ਅੰਤਰਿਮ ਜ਼ਮਾਨਤ ‘ਤੇ 10 ਮਈ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। 21 ਦਿਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕੇਜਰੀਵਾਲ ਅੱਜ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਸਾਹਮਣੇ ਆਤਮਸਮਰਪਣ ਕਰਨਗੇ। ਇਸ ਤੋਂ ਪਹਿਲਾਂ ਕੇਜਰੀਵਾਲ ਸਿਵਲ ਲਾਈਨਜ਼ ਇਲਾਕੇ ‘ਚ ਸਥਿਤ ਆਪਣੇ ਘਰ ਤੋਂ ਰਾਜਘਾਟ ਲਈ ਰਵਾਨਾ ਹੋਏ। ਉੱਥੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਕੇਜਰੀਵਾਲ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਪਹੁੰਚੇ। ਇੱਥੇ ਉਨ੍ਹਾਂ ਨੇ ਹਨੂੰਮਾਨ ਜੀ ਦੇ ਦਰਸ਼ਨ ਕਰ ਕੇ ਪੂਜਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ ਅਤੇ ਪਾਰਟੀ ਵਰਕਰਾਂ ਤੇ ਨੇਤਾਵਾਂ ਨੂੰ ਸੰਬੋਧਨ ਕੀਤਾ।