ਪੇਸ਼ਾਵਰ ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿਚ ਇਕ ‘ਆਈ.ਈ.ਡੀ’ ਧਮਾਕੇ ਵਿਚ ਘੱਟੋ-ਘੱਟ ਚਾਰ ਫੌਜੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਉਦੋਂ ਵਾਪਰੀ ਜਦੋਂ ਸੁਰੱਖਿਆ ਬਲ ਦੇਸ਼ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਰਾ ਬੰਗਲਾ ਅਤੇ ਤਰਖਾਨਨ ਖੇਤਰਾਂ ਵਿੱਚ ਗਸ਼ਤ ਕਰ ਰਹੇ ਸਨ।
ਪੁਲਸ ਨੇ ਦੱਸਿਆ ਕਿ ਆਈ.ਈਡੀ ਨਾਲ ਹੋਏ ਧਮਾਕੇ ‘ਚ ਪਾਕਿਸਤਾਨੀ ਫੌਜ ਦੇ ਘੱਟੋ-ਘੱਟ ਚਾਰ ਜਵਾਨ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਧਮਾਕੇ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੁਲਸ ਨੇ ਦੱਸਿਆ,”ਮ੍ਰਿਤਕ ਫੌਜੀਆਂ ਦੀ ਪਛਾਣ ਜ਼ੁਬੈਰ, ਇਜਾਜ਼, ਫੈਜ਼ਲ ਅਤੇ ਆਸਿਫ ਵਜੋਂ ਹੋਈ ਹੈ, ਜਦਕਿ ਜ਼ਖਮੀਆਂ ਦੀ ਪਛਾਣ ਕਾਦਿਰ, ਨਜੀਬ ਅਤੇ ਰਹਿਮਾਨ ਵਜੋਂ ਹੋਈ ਹੈ। ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।















