ਡੇਂਗੂ ਦਾ ਕਹਿਰ ਜਾਰੀ, ਹੋਈ ਇਕ ਹੋਰ ਮੌਤ, ਡਾਕਟਰਾਂ ‘ਤੇ ਲੱਗਾ ਲਾਪਰਵਾਹੀ ਦਾ ਦੋਸ਼

2ਨਵੀਂ ਦਿੱਲੀ :  ਰਾਜਧਾਨੀ ਦਿੱਲੀ ‘ਚ ਡੇਂਗੂ ਦਾ ਕਹਿਰ ਜਾਨਲੇਵਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਚ ਸੇਂਟ ਸਟੀਫੇਂਸ਼ ਹਸਪਤਾਲ ‘ਚ ਇਕ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਰਜਨੀ ਹਰਸ਼ ਵਿਹਾਰ ਇਲਾਕੇ ਦੀ ਰਹਿਣ ਵਾਲੀ ਸੀ। ਪਰਿਵਾਰ ਵਾਲਿਆਂ ਨੇ ਇਲਾਜ ‘ਚ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਪਰਿਵਾਰ ਵਾਲਿਆਂ ਅਨੁਸਾਰ ਰਜਨੀ ਨੂੰ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਦਿਲਸ਼ਾਦ ਗਾਰਡਨ ਸਥਿਤ ਜੀਵਨ ਜੋਤੀ ਹਸਪਤਾਲ ਲਿਜਾਇਆ ਗਿਆ ਸੀ। ਜਦੋਂ ਰਾਤ ਤੱਕ ਮਰੀਜ਼ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਡਾਕਟਰਾਂ ਨੇ ਭਰਤੀ ਕਰ ਲਿਆ।
ਇਸ ਤੋਂ ਬਾਅਦ ਔਰਤ ਦੀ ਸਿਹਤ ਸੁਧਰਨ ਦੀ ਬਜਾਏ ਵਿਗੜਦੀ ਹੀ ਚੱਲੀ ਗਈ। ਪਰਿਵਾਰ ਵਾਲਿਆਂ ਅਨੁਸਾਰ ਡਾਕਟਰਾਂ ਨੇ ਦੱਸਿਆ ਕਿ ਡੇਂਗੂ ਹੋਣ ਕਾਰਨ ਉਸ ਦਾ ਪਲੇਟਲੇਟਸ ਲੇਵਲ ਲਗਾਤਾਰ ਡਿੱਗਦਾ ਚੱਲਾ ਗਿਆ। ਔਰਤ ਦੀ ਹਾਲਤ ਖਰਾਬ ਹੁੰਦੇ ਦੇਖ ਕੇ ਐਤਵਾਰ ਨੂੰ ਜੀਵਨ-ਜੋਤੀ ਹਸਪਤਾਲ ਦੇ ਡਾਕਟਰਾਂ ਨੇ ਕਿਸੇ ਵੱਡੇ ਹਸਪਤਾਲ ਲਿਜਾਉਣ ਦੀ ਸਲਾਹ ਦਿੱਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਮਰੀਜ਼ ਨੂੰ ਲੈ ਕੇ ਕਈ ਹਸਪਤਾਲਾਂ ਦੇ ਚੱਕਰ ਲਾਉਂਦੇ ਰਹੇ ਪਰ ਕਿਸੇ ਨੇ ਵੀ ਮਰੀਜ਼ ਨੂੰ ਭਰਤੀ ਨਹੀਂ ਕੀਤਾ। ਕਾਫੀ ਮਿਹਨਤ ਤੋਂ ਬਾਅਦ ਮਰੀਜ਼ ਨੂੰ ਸੇਂਟ ਸਟੀਫਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਸੋਮਵਾਰ ਨੂੰ ਇਲਾਜ ਦੌਰਾਨ ਰਜਨੀ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।