ਇਮਤਿਆਜ਼ ਅਲੀ ਦੀ ਚਮਕੀਲਾ ਲਈ 15 ਕਿੱਲੋ ਭਾਰ ਵਧਾਉਣ ਮਗਰੋਂ ਹੁਣ ਅਦਾਕਾਰਾ ਪਰਿਨੀਤੀ ਚੋਪੜਾ ਆਪਣੇ ਪਹਿਲੇ ਭਾਰ ਮੋਡ ‘ਚ ਆਉਣ ਲਈ ਜੱਦੋਜਹਿਦ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਚਮਕੀਲਾ 1980ਵਿਆਂ ਦੇ ਸੁਪਰਹਿੱਟ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਹੈ। ਇਸ ਫ਼ਿਲਮ ‘ਚ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ ਜਦ ਕਿ ਪਰਿਨੀਤੀ ਨੇ ਉਸ ਦੀ ਪਤਨੀ ਅਤੇ ਸਹਿ ਕਲਾਕਾਰ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ।
ਫ਼ਿਲਮ ਬਾਰੇ ਗੱਲ ਕਰਦਿਆਂ ਪਰਿਨੀਤੀ ਨੇ ਕਿਹਾ, ”ਮੈਂ ਪਿਛਲੇ ਛੇ ਮਹੀਨੇ ਰਹਿਮਾਨ ਸਰ ਦੇ ਸਟੂਡੀਓ ‘ਚ ਗੀਤ ਗਾਉਣ ਅਤੇ ਉਸ ਮਗਰੋਂ ਘਰ ਜਾ ਕੇ ਲੋੜੋਂ ਵੱਧ ਜੰਕ ਫ਼ੂਡ ਖਾਣ ‘ਚ ਲੰਘਾਏ ਹਨ। ਚਮਕੀਲਾ ਲਈ ਮੈਂ 15 ਕਿੱਲੋ ਭਾਰ ਵਧਾਇਆ ਸੀ। ਫ਼ੂਡ ਖਾਣਾ ਅਤੇ ਗੀਤ ਗਾਉਣੇ, ਬੱਸ ਇਹੀ ਦੋ ਕੰਮ ਸਨ ਮੇਰੇ।” ਇਹ ਫ਼ਿਲਮ ਛੇਤੀ ਹੀ ਨੈੱਟਫ਼ਲਿਕਸ ‘ਤੇ ਰਿਲੀਜ਼ ਕੀਤੀ ਜਾਵੇਗੀ। ਹੁਣ ਚਮਕੀਲਾ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਪਰਿਨੀਤੀ ਭਾਰ ਘਟਾਉਣ ਦੇ ਆਪਣੇ ਮਿਸ਼ਨ ‘ਚ ਜੁੱਟ ਗਈ ਹੈ।
ਪਰਿਨੀਤੀ ਨੇ ਕਿਹਾ, ”ਮੈਂ ਸਟੂਡੀਓ ਨੂੰ ਬੜਾ ਚੇਤੇ ਕਰਦੀ ਹਾਂ। ਹੁਣ ਮੈਂ ਨਿੱਤ ਜਿਮ ਜਾਂਦੀ ਹਾਂ ਤਾਂ ਜੋ ਮੈਂ ਪਹਿਲਾਂ ਵਰਗੀ ਦਿਖ ਸਕਾਂ ਨਾ ਕਿ ਅਮਰਜੋਤ ਜੀ ਵਰਗੀ। ਇਹ ਬਹੁਤ ਹੀ ਔਖਾ ਕੰਮ ਹੈ, ਪਰ ਤੁਹਾਡੇ ਲਈ ਮੈਂ ਕੁੱਝ ਵੀ ਕਰ ਸਕਦੇ ਹਾਂ, ਇਮਤਿਆਜ਼ ਸਰ।”











