ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਐਨੀਮਲ ‘ਚ ਅਦਾਕਾਰ ਬੌਬੀ ਦਿਓਲ ਦੀ ਧਮਾਕੇਦਾਰ ਅਦਾਕਾਰੀ ਦੇਖ ਕੇ ਖ਼ੁਸ਼ ਹੋਏ ਪਿਤਾ ਧਰਮਿੰਦਰ ਨੇ ਪੁੱਤਰ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਉਘੇ ਅਦਾਕਾਰ ਨੇ ਫ਼ਿਲਮ ਦੇਖਣ ਮਗਰੋਂ ਲਿਖਿਆ, ”ਮੇਰਾ ਹੋਣਹਾਰ ਬੌਬ।” ਇਸ ਨਾਲ ਧਰਮਿੰਦਰ ਨੇ ਗ਼ੁਲਾਬੀ ਰੰਗ ਦੇ ਦਿਲ ਵਾਲੇ ਕਈ ਇਮੋਜੀਜ਼ ਵੀ ਪਾਏ। ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦਿਆਂ ਬੌਬੀ ਦਿਓਲ ਨੇ ਕਿਹਾ, ”ਲਵ ਯੂ ਪਾ।” ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, ”ਬੰਬ ਅਦਾਕਾਰੀ … ਡਾਇਲੌਗ ਦੀ ਥਾਂ ਅੱਖਾਂ ਨੇ ਕੀਤੀਆਂ ਗੱਲਾਂ।” ਇੱਕ ਹੋਰ ਨੇ ਕਿਹਾ, ”ਇਹ ਸਾਲ ਦਿਓਲ ਦੀ ਵਾਪਸੀ ਦੇ ਨਾਂ … ਅਜਿਹੇ ਕੰਮ ਕਰਦੇ ਰਹੋ ਤਾਂ ਜੋ ਦੁਨੀਆਂ ਤੁਹਾਨੂੰ ਹਮੇਸ਼ਾ ਯਾਦ ਰੱਖੇ।”
ਇਸ ਤੋਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਇੱਕ ਖ਼ਾਮੋਸ਼ ਕਿਰਦਾਰ ਨਿਭਾਉਣ ਸਮੇਂ ਪੇਸ਼ ਆਉਂਦੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਸੀ। ਬੌਬੀ ਨੇ ਕਿਹਾ, ”ਮੈਂ ਅਜਿਹਾ ਕਿਰਦਾਰ ਨਿਭਾਉਣਾ ਚਾਹੁੰਦਾ ਸੀ ਜੋ ਮੇਰੇ ਲਈ ਨਿਭਾਉਣਾ ਬਹੁਤ ਔਖਾ ਹੋਵੇ। ਮੈਂ ਹੋਰ ਵੀ ਚੁਣੌਤੀਪੂਰਨ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ ਕਿਉਂਕਿ ਅਜਿਹੇ ਰੋਲਜ਼ ਤੁਹਾਨੂੰ ਸਭ ਤੋਂ ਵਧੀਆ ਅਦਾਕਾਰੀ ਕਰਨ ਲਈ ਪ੍ਰੇਰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਕਿਰਦਾਰ ਵੀ ਓਹੋ ਜਿਹਾ ਹੀ ਸੀ।”
ਅਦਾਕਾਰ ਨੇ ਦੱਸਿਆ ਕਿ ਜਦੋਂ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਦੱਸਿਆ ਕਿ ਫ਼ਿਲਮ ‘ਚ ਉਸ ਦਾ ਕੋਈ ਵੀ ਡਾਇਲੌਗ ਨਹੀਂ ਹੈ ਤਾਂ ਉਹ ਦੰਗ ਰਹਿ ਗਿਆ ਸੀ।











