ਨਾਇਕ ਨਹੀਂ ਖਲਨਾਇਕ ਹੂੰ ਮੈਂ … ਇਹ ਲਾਈਨ ਨਾ ਸਿਰਫ਼ ਫ਼ਿਲਮਾਂ ‘ਚ ਸਗੋਂ ਅਸਲ ਜ਼ਿੰਦਗੀ ‘ਚ ਵੀ ਸੰਜੇ ਦੱਤ ‘ਤੇ ਪੂਰੀ ਤਰ੍ਹਾਂ ਫ਼ਿੱਟ ਬੈਠਦੀ ਹੈ। 29 ਜੁਲਾਈ 1959 ਨੂੰ ਸੁਨੀਲ ਦੱਤ ਅਤੇ ਨਰਗਿਸ ਦੇ ਘਰ ਜਨਮੇ ਸੰਜੇ ਦੱਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦੁਨੀਆਂ ਭਰ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਆਪਣੇ ਪਿਤਾ ਦੇ ਬੈਨਰ ਹੇਠ ਬਣੀ ਫ਼ਿਲਮ ਰੇਸ਼ਮਾ ਔਰ ਸ਼ੇਰਾ ਨਾਲ ਇੱਕ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਸੰਜੇ ਦੱਤ ਅੱਜ ਕਿਸੇ ਪਛਾਣ ਦਾ ਮੌਥਾਜ ਨਹੀਂ। ਸ਼ਾਨਦਾਰ ਕੰਮ ਦਾ ਨਤੀਜਾ ਹੈ ਕਿ ਇੰਡਸਟਰੀ ਦੇ ਲੋਕ ਅਦਾਕਾਰ ਨੂੰ ਇੱਜ਼ਤ ਨਾਲ ਸੰਜੂ ਬਾਬਾ ਕਹਿ ਕੇ ਬੁਲਾਉਂਦੇ ਹਨ। ਭਾਵੇਂ ਹੀਰੋ ਹੋਵੇ ਜਾਂ ਖ਼ਲਨਾਇਕ, ਸੰਜੂ ਬਾਬਾ ਹਰ ਕਿਰਦਾਰ ‘ਚ ਫ਼ਿੱਟ ਬੈਠਦਾ ਹੈ। ਸੰਜੇ ਦੱਤ ਇਨ੍ਹੀਂ ਦਿਨੀਂ ਜ਼ਿਆਦਾਤਰ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆ ਰਿਹਾ ਹੈ।
ਸਿਰਫ਼ ਰੀਅਲ ਲਾਈਫ਼ ‘ਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ ‘ਚ ਵੀ ਸੰਜੇ ਦੱਤ ਨੂੰ ਆਪਣੇ ਡੈਸ਼ਿੰਗ ਅੰਦਾਜ਼ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂ ਲਵ ਲਾਈਫ਼ ਹੋਵੇ ਜਾਂ ਫ਼ਿਰ ਆਪਣਾ ਦਬਦਬਾ ਕਾਇਮ ਕਰਨਾ, ਸੰਜੂ ਬਾਬਾ ਨੂੰ ਹਰ ਮੋੜ ‘ਤੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਆਓ ਲੰਘੇ ਮਹੀਨੇ ਦੀ 29 ਤਾਰੀਖ਼ ‘ਤੇ ਉਸ ਦੇ ਜਨਮਦਿਨ ਦੇ ਮੌਕੇ ‘ਤੇ ਅਦਾਕਾਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁੱਝ ਮਹੱਤਵਪੂਰਣ ਪਹਿਲੂਆਂ ‘ਤੇ ਨਜ਼ਰ ਮਾਰੀਏ।
ਉਤਾਰ-ਚੜ੍ਹਾਅ ਦੇ ਬਾਵਜੂਦ ਸੰਜੇ ਦੱਤ ਨੇ ਬੌਲੀਵੁਡ ਇੰਡਸਟਰੀ ‘ਚ ਆਪਣੇ ਖੰਭ ਫ਼ੈਲਾਏ। ਇਸ ਦੇ ਨਾਲ ਹੀ ਅਦਾਕਾਰ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ। ਇੱਕ ਪੈਸਾ ਵਸੂਲ ਮਨੋਰੰਜਨ ਫ਼ਿਲਮ ਵਾਂਗ ਹੀ ਸੰਜੂ ਬਾਬਾ ਦੀ ਜ਼ਿੰਦਗੀ ‘ਚ ਵੀ ਮਸਾਲਾ ਹੈ। ਨਾਮ, ਕੰਮ, ਪਿਆਰ, ਵਿਵਾਦ ਅਤੇ ਪੁਲੀਸ, ਇਹ ਸਭ ਸੰਜੂ ਬਾਬਾ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਪਹਿਲੂ ਰਹੇ ਹਨ। ਸਭ ਤੋਂ ਪਹਿਲਾਂ ਅਦਾਕਾਰ ਦੇ ਨਾਮ ਬਾਰੇ ਗੱਲ ਕਰਦਿਆਂ ਇਹ ਉਸ ਦੇ ਮਾਤਾ-ਪਿਤਾ ਵਲੋਂ ਨਹੀਂ ਸਗੋਂ ਲੋਕਾਂ ਵਲੋਂ ਰੱਖਿਆ ਗਿਆ ਸੀ।
ਸੰਜੇ ਦੱਤ ਦੀਆਂ ਫ਼ਿਲਮਾਂ ਤੋਂ ਜ਼ਿਆਦਾ ਉਨ੍ਹਾਂ ਦੀ ਲਵ ਲਾਈਫ਼ ਲਾਈਮਲਾਈਟ ‘ਚ ਰਹੀ ਹੈ। ਅਦਾਕਾਰ ਨੇ ਆਪਣੀ ਬਾਇਓਪਿਕ ਸੰਜੂ ਦੀ ਰਿਲੀਜ਼ ਦੌਰਾਨ ਕਈ ਵੱਡੇ ਖ਼ੁਲਾਸੇ ਕੀਤੇ ਸਨ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਅਫ਼ੇਅਰਜ਼ ਬਾਰੇ ਕੁੱਝ ਅਜਿਹਾ ਕਿਹਾ ਸੀ ਜਿਸ ਨੂੰ ਜਾਣ ਕੇ ਹਰ ਕੋਈ ਦੰਗ ਰਹਿ ਗਿਆ ਸੀ। ਆਪਣੀ ਲਵ ਲਾਈਫ਼ ਤੋਂ ਪਰਦਾ ਚੁਕਦਿਆਂ ਸੰਜੇ ਨੇ ਕਬੂਲ ਕੀਤਾ ਕਿ ਉਸ ਦੇ ਹੁਣ ਤਕ ਕਰੀਬ 308 ਲੜਕੀਆਂ ਨਾਲ ਸਬੰਧ ਬਣ ਚੁੱਕੇ ਹਨ। ਸੰਜੇ ਦੱਤ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਹ ਇੱਕ ਸਮੇਂ ‘ਤੇ ਇੱਕ-ਦੋ ਨਹੀਂ ਸਗੋਂ ਤਿੰਨ ਲੜਕੀਆਂ ਨਾਲ ਰਿਲੇਸ਼ਨਸ਼ਿਪ ‘ਚ ਸੀ। ਇੱਕ ਸਮੇਂ ਸੰਜੇ ਦੇ ਅਫ਼ੇਅਰਜ਼ ਦੀ ਚਰਚਾ ਜ਼ੋਰਾਂ ‘ਤੇ ਸੀ। ਇਸ ਦੀ ਸ਼ੁਰੂਆਤ ਟੀਨਾ ਮੁਨੀਮ ਨਾਲ ਅਦਾਕਾਰ ਦੀ ਸਾਂਝ ਨਾਲ ਹੋਈ। ਇਸ ਤੋਂ ਇਲਾਵਾ, ਸੰਜੇ ਦਾ ਨਾਂ ਮਾਧੁਰੀ ਦੀਕਸ਼ਿਤ ਅਤੇ ਰੇਖਾ ਵਰਗੀਆਂ ਸੁੰਦਰੀਆਂ ਨਾਲ ਵੀ ਜੁੜਿਆ।
ਅਫ਼ੇਅਰਜ਼ ਤੋਂ ਇਲਾਵਾ ਸੰਜੂ ਬਾਬਾ ਆਪਣੇ ਤਿੰਨ ਵਿਆਹਾਂ ਨੂੰ ਲੈ ਕੇ ਵੀ ਸੁਰਖ਼ੀਆਂ ‘ਚ ਰਿਹਾ। ਸੰਜੇ ਦਾ ਪਹਿਲਾ ਵਿਆਹ ਰਿਚਾ ਨਾਲ ਹੋਇਆ ਸੀ ਹਾਲਾਂਕਿ ਉਸ ਦੀ ਮੌਤ ਤੋਂ ਬਾਅਦ ਸੰਜੇ ਨੇ ਜ਼ਿੰਦਗੀ ‘ਚ ਅੱਗੇ ਵਧਣ ਦਾ ਫ਼ੈਸਲਾ ਕੀਤਾ ਅਤੇ ਦੂਜੀ ਵਾਰ ਵਿਆਹ ਦੇ ਬੰਧਨ ‘ਚ ਬੱਝ ਗਿਆ। ਕਿਸੇ ਕਾਰਨ ਉਸ ਦਾ ਉਹ ਰਿਸ਼ਤਾ ਜ਼ਿਆਦਾ ਦਿਨ ਨਾ ਚੱਲ ਸਕਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ। ਫ਼ਿਰ ਸੰਜੇ ਦੱਤ ਦੀ ਜ਼ਿੰਦਗੀ ‘ਚ ਮਾਨਯਤਾ ਆਈ। ਸੰਜੇ ਨੇ ਉਸ ਨਾਲ ਵਿਆਹ ਕੀਤਾ, ਅਤੇ ਉਸ ਨੂੰ ਪਤਨੀ ਦਾ ਦਰਜਾ ਦਿੱਤਾ। ਇਸ ਦੌਰਾਨ ਵੀ ਅਦਾਕਾਰ ਕਾਫ਼ੀ ਸੁਰਖ਼ੀਆਂ ‘ਚ ਰਿਹਾ। ਸੰਜੂ ਬਾਬਾ ਅਤੇ ਮਾਨਯਤਾ ਦੀ ਉਮਰ ‘ਚ 21 ਸਾਲ ਦਾ ਅੰਤਰ ਹੈ ਜਿਸ ਨੂੰ ਲੈ ਕੇ ਉਸ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ।
ਸੰਜੇ ਦੱਤ ਦਾ ਵਿਵਾਦਾਂ ਨਾਲ ਵੀ ਡੂੰਘਾ ਸਬੰਧ ਰਿਹਾ ਹੈ। ਅਦਾਕਾਰ ਇੱਕ ਸਮੇਂ ਨਸ਼ੇ ਦਾ ਆਦੀ ਹੋ ਗਿਆ ਸੀ। ਇਸ ਦੇ ਨਾਲ ਹੀ ਕਈ ਵੱਡੀਆਂ ਫ਼ਿਲਮਾਂ ਵੀ ਨਸ਼ਿਆਂ ਕਾਰਨ ਖ਼ਤਮ ਹੋ ਗਈਆਂ। ਸੰਜੇ ਦੱਤ ਉਸ ਸਮੇਂ ਸੁਰਖ਼ੀਆਂ ‘ਚ ਆਇਆ ਜਦੋਂ ਉਸ ਦੀ ਫ਼ਿਲਮ ਖ਼ਲਨਾਇਕ ਦੀ ਰਿਲੀਜ਼ ਤੋਂ ਦੋ ਮਹੀਨੇ ਪਹਿਲਾਂ 12 ਮਾਰਚ 1993 ਨੂੰ ਮੁੰਬਈ ‘ਚ ਬੰਬ ਧਮਾਕੇ ਹੋਏ।
ਧਮਾਕਿਆਂ ‘ਚ 257 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ 713 ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ। ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦਾਊਦ ਇਬਰਾਹਿਮ, ਉਸ ਦੇ ਭਰਾ ਅਨੀਸ ਇਬਰਾਹਿਮ, ਟਾਈਗਰ ਮੇਮਨ ਅਤੇ ਅਬੂ ਸਲੇਮ ਵਰਗੇ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ। ਇਸ ਦੇ ਨਾਲ ਹੀ ਇਸ ‘ਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਸੰਜੇ ਦੱਤ ਦਾ ਸੀ। ਰਿਪੋਰਟਾਂ ਅਨੁਸਾਰ ਧਮਾਕੇ ‘ਚ ਵਰਤੇ ਗਏ ਹਥਿਆਰ ਅਤੇ ਵਿਸਫ਼ੋਟਕ ਸੰਜੇ ਦੱਤ ਦੇ ਘਰ ‘ਚ ਰੱਖੇ ਗਏ ਸਨ ਜਿਨ੍ਹਾਂ ‘ਚ ਅਬੂ ਸਲੇਮ ਦੀਆਂ ਦੋ AK-47, AK-56 ਰਾਈਫ਼ਲਾਂ ਅਤੇ 250 ਗੋਲੀਆਂ ਸ਼ਾਮਿਲ ਸਨ। ਦੋ ਦਿਨ ਬਾਅਦ ਅੱਬੂ ਸਲੇਮ ਸੰਜੇ ਦੇ ਘਰੋਂ ਇਹ ਹਥਿਆਰ ਵਾਪਿਸ ਲੈ ਗਿਆ। ਇਸ ਸਬੰਧੀ ਸੰਜੇ ਦੱਤ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਕਾਰ ਨੂੰ ਪਹਿਲਾਂ ਅਦਾਲਤ ਨੇ ਛੇ ਸਾਲ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਬਾਅਦ ‘ਚ ਘਟਾ ਕੇ ਪੰਜ ਸਾਲ ਕਰ ਦਿੱਤਾ ਗਿਆ ਸੀ। ਸੰਜੇ ਦੱਤ ਪਹਿਲੀ ਵਾਰ 19 ਅਪ੍ਰੈਲ 1993 ਨੂੰ ਜੇਲ੍ਹ ਗਿਆ ਸੀ। ਉਸ ਤੋਂ ਬਾਅਦ ਉਹ 1993 ਤੋਂ 2016 ਤਕ ਕਈ ਵਾਰ ਜੇਲ੍ਹ ਗਿਆ। ਸਾਲ 2016 ‘ਚ ਸੰਜੇ ਦੱਤ ਨੇ ਆਪਣੀ ਪੰਜ ਸਾਲ ਦੀ ਕੈਦ ਪੂਰੀ ਕੀਤੀ ਅਤੇ ਰਿਹਾਅ ਹੋ ਗਿਆ।











