ਅਦਾਕਾਰਾ ਰਿਚਾ ਚੱਢਾ ਨੇ ਲੰਡਨ ‘ਚ ਆਪਣੀ ਪਹਿਲੀ ਹੌਲੀਵੁਡ ਫ਼ਿਲਮ ਆਈਨਾ ਦੀ ਸ਼ੁਟਿੰਗ ਕ੍ਰੌਨੀਕਲਜ਼ ਔਫ਼ ਨਾਰਨੀਆ ਦੇ ਅਦਾਕਾਰ ਵਿਲੀਅਮ ਮੌਜ਼ਲੀ ਨਾਲ ਸ਼ੁਰੂ ਕਰ ਦਿੱਤੀ ਹੈ। ਅਸਲ ਜ਼ਿੰਦਗੀ ਦੀਆਂ ਘਟਨਾਵਾਂ ‘ਤੇ ਆਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ਅਤੇ ਭਾਰਤ ‘ਚ ਹੋਵੇਗੀ ਜਿਸ ਦਾ ਨਿਰਦੇਸ਼ਨ ਮਾਰਕਸ ਮੀਡਟ ਦੁਆਰਾ ਕੀਤਾ ਜਾ ਰਿਹਾ ਹੈ। ਇਸ ਦੀ ਸ਼ੂਟਿੰਗ ਸਤੰਬਰ ‘ਚ ਭਾਰਤ ਦੀਆਂ ਵੱਖ-ਵੱਖ ਥਾਵਾਂ ‘ਤੇ ਕੀਤੀ ਜਾਵੇਗੀ। ਰਿਚਾ ਨੇ ਕਿਹਾ ਕਿ ਆਇਨਾ ਦੀ ਕਹਾਣੀ ਦਿਲਚਸਪ ਹੈ, ਅਤੇ ਉਹ ਇਸ ਫ਼ਿਲਮ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰ ਕੇ ਖ਼ੁਸ਼ ਹੈ। ਉਸ ਨੇ ਕਿਹਾ, ”ਮੈਂ ਹੌਲੀਵੁਡ ਪ੍ਰੌਜੈਕਟਾਂ ਲਈ ਕੁੱਝ ਕਹਾਣੀਆਂ ਪੜ੍ਹੀਆਂ ਸਨ ਪਰ ਉਹ ਕੁੱਝ ਖਾਸ ਨਹੀਂ ਸਨ। ਜਦੋਂ ਆਇਨਾ ਦੀ ਸਟੋਰੀ ਮੇਰੇ ਕੋਲ ਪਹੁੰਚੀ ਤਾਂ ਮੈਨੂੰ ਪਤਾ ਸੀ ਕਿ ਇਹ ਉਹੀ ਕਹਾਣੀ ਹੈ ਜਿਸ ਦੀ ਮੈਨੂੰ ਉਡੀਕ ਸੀ, ਅਤੇ ਹੁਣ ਅਸਲ ‘ਚ ਮੈਂ ਹੌਲੀਵੁਡ ਫ਼ਿਲਮ ਕਰਨ ਜਾ ਰਹੀ ਹਾਂ। ਫ਼ਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ।” ਅਦਾਕਾਰਾ ਨੇ ਕਿਹਾ, ”ਫ਼ਿਲਮ ਨੂੰ ਪੂਰੀ ਤਰ੍ਹਾਂ UK ‘ਚ ਸ਼ੂਟ ਕੀਤਾ ਗਿਆ, ਅਤੇ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਸਾਡੇ ਨਾਲੋਂ ਬਹੁਤ ਵੱਖਰਾ ਹੈ। ਭਾਰਤੀ ਫ਼ਿਲਮ ਜਗਤ ‘ਚ ਕਈ ਸਾਲਾਂ ਦੇ ਤਜਰਬੇ ਦੇ ਬਾਵਜੂਦ ਮੈਂ ਇਥੇ ਆਪਣੇ ਆਪ ਨੂੰ ਨਵਾਂ ਮਹਿਸੂਸ ਕੀਤਾ।” ਇਹ ਫ਼ਿਲਮ ਬਿੱਗ ਕੈਟ ਫ਼ਿਲਮਜ਼ UK ਦੁਆਰਾ ਬਣਾਈ ਜਾ ਰਹੀ ਹੈ, ਅਤੇ ਇਸ ਦੇ ਨਿਰਮਾਤਾ ਗੀਤਾ ਭੱਲਾ ਅਤੇ ਪੀ. ਜੇ. ਸਿੰਘ ਹਨ। ਰਿਚਾ ਇਸ ਤੋਂ ਇਲਾਵਾ ਆਪਣੀ ਅਗਲੀ ਹਿੰਦੀ ਫ਼ਿਲਮ ਫ਼ੁਕਰੇ-3 ‘ਚ ਨਜ਼ਰ ਆਵੇਗੀ।











