9 ਅਪ੍ਰੈਲ ਤੋਂ ਸ਼ੁਰੂ ਹੋਵੇਗਾ IPL

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਗਾਮੀ ਸੈਸ਼ਨ ਦਾ ਆਗਾਜ਼ ਇੰਗਲੈਂਡ ਵਿਰੁੱਧ ਸੀਮਿਤ ਓਵਰਾਂ ਦੀ ਲੜੀ ਦੇ ਖ਼ਤਮ ਹੋਣ ਤੋਂ 12 ਦਿਨਾਂ ਬਾਅਦ 9 ਅਪ੍ਰੈਲ ਤੋਂ ਹੋਵੇਗਾ ਇਹ ਜਾਣਕਾਰੀ BCCI ਦੇ ਇੱਕ ਸੂਤਰ ਨੇ ਦਿੱਤੀ। ਇੰਗਲੈਂਡ ਵਿਰੁੱਧ ਵਨ ਡੇ ਲੜੀ ਦਾ ਤੀਜਾ ਅਤੇ ਆਖਰੀ ਮੈਚ ਪੁਣੇ ‘ਚ 28 ਮਾਰਚ ਨੂੰ ਖੇਡਿਆ ਜਾਵੇਗਾ ਇਸ ਪ੍ਰਸਿੱਧ T-20 ਲੀਗ ਦੀ ਮਿਆਦ ਭਾਰਤ ਦੇ ਕੌਮਾਂਤਰੀ ਪ੍ਰੋਗਰਾਮ ਨੂੰ ਧਿਆਨ ‘ਚ ਰੱਖਦੇ ਹੋਏ ਤੈਅ ਕੀਤੀ ਗਈ ਹੈ।
BCCI ਦੇ ਇੱਕ ਸੂਤਰ ਨੇ ਕਿਹਾ, ”ਅਸੀਂ ਅੰਤ੍ਰਿਮ ਰੂਪ ਨਾਲ ਫ਼ੈਸਲਾ ਲਿਆ ਹੈ ਕਿ IPL-9 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ 30 ਮਈ ਨੂੰ ਖ਼ਤਮ।” ਸੂਤਰ ਨੇ ਦੱਸਿਆ ਕਿ ਅਗਲੇ ਹਫ਼ਤੇ ਸੰਚਾਲਨ ਕਮੇਟੀ ਦੀ ਮੀਟਿੰਗ ਦੌਰਾਨ ਮਿਤੀਆਂ ਅਤੇ ਸਥਾਨਾਂ ਨੂੰ ਰਸਮੀ ਮਨਜ਼ੂਰੀ ਮਿਲ ਜਾਵੇਗੀ।

ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ BCCI ਨੇ ਮੌਜੂਦਾ ਹਾਲਾਤ ‘ਚ IPL ਮੈਚਾਂ ਨੂੰ ਪੰਜ ਸ਼ਹਿਰਾਂ ਚੇਨਈ, ਕੋਲਕਾਤਾ, ਬੈਂਗਲੁਰੂ, ਦਿੱਲੀ ਅਤੇ ਅਹਿਮਦਾਬਾਦ ‘ਚ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। ਮੁੰਬਈ ਸ਼ਹਿਰ ਨੂੰ ਮੈਚਾਂ ਦੀ ਮੇਜ਼ਬਾਨੀ ਲਈ ਮਨਜ਼ੂਰੀ ਲੈਣੀ ਪਵੇਗੀ ਕਿਉਂਕਿ ਮਹਾਰਾਸ਼ਟਰ ‘ਚ ਪਿਛਲੇ ਕੁੱਝ ਦਿਨਾਂ ਤੋਂ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਚੇਨਈ ਤੇ ਕੋਲਕਾਤਾ ਨੂੰ ਮੈਚਾਂ ਦੀ ਵੰਡ ਅਗਲੇ ਕੁੱਝ ਹਫ਼ਤਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਕੀਤੀ ਜਾਵੇਗੀ। IPL ਦੇ ਪਿਛਲੇ 2020 ਸੈਸ਼ਨ ਨੂੰ UAE ‘ਚ ਬਾਇਓ-ਬਬਲ ‘ਚ ਆਯੋਜਿਤ ਕੀਤਾ ਗਿਆ ਸੀ ਜਿਸ ਨੂੰ ਮੁੰਬਈ ਇੰਡੀਅਨਜ਼ ਨੇ ਜਿੱਤਿਆ ਸੀ। ਭਾਰਤ ਟੀਮ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਲਈ ਕੁਆਲੀਫ਼ਾਈ ਕਰਨ ਦੇ ਕਾਰਣ ਇਸ ਸਾਲ ਭਾਰਤ ‘ਚ ਜੂਨ ‘ਚ ਪ੍ਰਸਤਾਵਿਤ ਏਸ਼ੀਆ ਕੱਪ ਨੂੰ ਰੱਦ ਕਰ ਦਿੱਤਾ ਗਿਆ ਹੈ।