ਮਾਸਕੋ: ਰੂਸ ਦੇ ਐਥਲੈਟਿਕਸ ਦੇ ਮਹਾਸੰਘ ਨੇ 68 ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿੰਨਾਂ ਨੇ ਅਧਿਕਾਰਿਤ ਰੂਪ ‘ਚ ਰੀਓ ਓਲੰਪਿਕ ‘ਚ ਭਾਗ ਲੈਣ ਦੇਣ ਦੀ ਆਗਿਆ ਮੰਗੀ ਹੈ। ਅਜਿਹਾ ਉਨ੍ਹਾਂ ਨੇ ਟ੍ਰੈਕ ਅਤੇ ਫ਼ੀਲਡ ਟੀਮ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦੇ ਬਾਅਦ ਕੀਤਾ ਹੈ। ਐਥਲੀਟਾਂ ਕੋਲ ਹਿੱਸਾ ਲੈਣ ਲਈ ਮਾਪਦੰਡ ਪੂਰਾ ਕਰਨ ਦਾ ਪੱਤਰ ਵੀ ਹੈ ਅਤੇ ਉਨ੍ਹਾਂ ਨੂੰ ਰੂਸੀ ਕੋਚਾਂ ਦੀ ਮਨਜ਼ੂਰੀ ਵੀ ਮਿਲੀ ਹੋਈ ਹੈ। ਪਿਛਲੇ ਮਹੀਨੇ ਰੂਸ ‘ਤੇ ਐਥਲੀਟਾਂ ਦੀ ਇਕ ਹੋਰ ਸੰਸਥਾ ਆਈ. ਏ. ਏ. ਐੱਫ਼. ਨੇ ਡੋਪਿੰਗ ਪਾਬੰਦੀ ਜਾਰੀ ਰੱਖੀ ਸੀ ਪਰ ਇਸ ਸੰਸਥਾ ਨੇ ਕੁਝ ਐਥਲੀਟਾਂ, ਜੋ ਡੋਪਿੰਗ ਤੋਂ ਦੂਰ ਹਨ, ਲਈ ਹਿੱਸਾ ਲੈਣ ਦਾ ਦਰਵਾਜ਼ਾ ਖੋਲਦੇ ਹੋਏ ਉਨ੍ਹਾਂ ਨੂੰ ਰੀਓ ਖੇਡਾਂ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਸੀ। ਰੂਸੀ ਐਥਲੀਟਿਕਸ ਮਹਾਸੰਘ ਨੇ ਕਿਹਾ, ”ਹਰੇਕ ਐਥਲੀਟ ਨੇ ਓਲੰਪਿਕ ‘ਚ ਹਿੱਸਾ ਲੈਣ ਲਈ ਆਈ. ਏ. ਏ. ਐੱਫ਼. ਦੀ ਪੁਸ਼ਟੀ ਲਈ ਵਿਅਕਤੀਗਤ ਬੇਨਤੀ ਕੀਤੀ ਹੈ।”












