50 ਤੋਂ ਵੱਧ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਸਿਡਨੀ, ਘਰਾਂ ਤੋਂ ਬਾਹਰ ਭੱਜੇ ਲੋਕ

ਸਿਡਨੀ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਵਿੱਚ ਸਿਡਨੀ ਦੇ ਉੱਤਰ ਵਿੱਚ ਮੰਗਲਵਾਰ ਨੂੰ 4.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ| ਗੌਰਤਲਬ ਹੈ ਕਿ 23 ਅਗਸਤ ਨੂੰ 4.7 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਵੱਡੇ ਕੋਲਾ ਖਨਨ ਖੇਤਰ, ਅੱਪਰ ਹੰਟਰ ਵਿੱਚ 50 ਤੋਂ ਵੱਧ ਝਟਕੇ ਮਹਿਸੂਸ ਕੀਤੇ ਗਏ ਹਨ।
ਸਿਨਹੂਆ ਨਿਊਜ਼ ਏਜੰਸੀ ਨੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ) ਦੇ ਹਵਾਲੇ ਨਾਲ ਦੱਸਿਆ ਕਿ ਜਿਓਸਾਇੰਸ ਆਸਟ੍ਰੇਲੀਆ ਨੇ ਸਿਡਨੀ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿੱਚ NSW ਦੇ ਅੱਪਰ ਹੰਟਰ ਖੇਤਰ ਵਿੱਚ ਇੱਕ BHP ਓਪਨ-ਕੱਟ ਕੋਲਾ ਖਾਨ ਨੇੜੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:15 ਵਜੇ ਭੂਚਾਲ ਨੂੰ ਰਿਕਾਰਡ ਕੀਤਾ।
ਏ.ਬੀ.ਸੀ ਨੇ ਦੱਸਿਆ ਕਿ ਕੋਈ ਸੱਟ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਹੋਈ ਹੈ ਪਰ 2,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।ਜਿਓਸਾਇੰਸ ਆਸਟ੍ਰੇਲੀਆ ਦੀ ਨਿਗਰਾਨੀ ਵੈੱਬਸਾਈਟ ਮੁਤਾਬਕ ਭੂਚਾਲ ਤਿੰਨ ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। 350 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕਿਆਂ ਬਾਰੇ ਰਿਪੋਰਟ ਕੀਤੀ।