5 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ‘ਚ 3 ਵਿਅਕਤੀ ਗ੍ਰਿਫ਼ਤਾਰ

ਠਾਣੇ : ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਪੁਲਸ ਨੇ ਸ਼ਨੀਵਾਰ ਨੂੰ ਅਗਵਾ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਪੰਜ ਮਹੀਨੇ ਦੇ ਬੱਚੇ ਨੂੰ ਬਚਾ ਲਿਆ। ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਰਾਬੋਡੀ ਪੁਲ ਦੇ ਹੇਠਾਂ ਤੋਂ ਅਗਵਾ ਕਰ ਲਿਆ ਗਿਆ ਸੀ, ਜਿੱਥੇ ਉਹ ਸ਼ੁੱਕਰਵਾਰ ਰਾਤ ਆਪਣੀ ਮਾਂ ਨਾਲ ਸੌਂ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਥਾਣਾ ਨਗਰ ਦੀ ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 137 (ਅਗਵਾ) ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ‘ਚ ਲੱਗੇ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਪੁਲਸ ਦੋਸ਼ੀਆਂ ਤੱਕ ਪਹੁੰਚ ਗਈ ਅਤੇ ਅਗਵਾ ਹੋਣ ਦੇ ਚਾਰ ਘੰਟਿਆਂ ਦੇ ਅੰਦਰ ਬੱਚੇ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਾਵੇਦ ਅਜ਼ਮਤ ਅਲੀ ਨਾਹਵੀ (35), ਜੈਸ਼੍ਰੀ ਯਾਕੂਬ ਨਾਇਕ (45) ਅਤੇ ਸੁਰੇਖਾ ਰਾਜੇਸ਼ ਖੰਡਾਗਲੇ (34) ਵਜੋਂ ਹੋਈ ਹੈ।