4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਵੀ ਨਹੀਂ ਮਿਲੇਗੀ ਸ਼ਰਾਬ

ਨਵੀਂ ਦਿੱਲੀ : ਦਿੱਲੀ ਵਿਚ ਚੋਣਾਂ ਦਾ ਐਲਾਨ ਹੋ ਗਿਆ ਹੈ, ਜਿਸ ਦੀਆਂ ਵੋਟਾਂ 5 ਫਰਵਰੀ ਨੂੰ ਪੈ ਰਹੀਆਂ ਹਨ। ਦਿੱਲੀ ਵਿਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਦਿੱਲੀ ਆਬਕਾਰੀ ਕਮਿਸ਼ਨਰ ਨੇ ਹਾਲ ਹੀ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ ਵਾਲੇ ਦਿਨ ਅਤੇ ਗਿਣਤੀ ਦੇ ਦਿਨਾਂ ਨੂੰ ‘ਡਰਾਈ ਡੇ’ ਐਲਾਨ ਦਿੱਤਾ ਹੈ। ਫਰਵਰੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਲਗਭਗ ਚਾਰ ਦਿਨ ਬੰਦ ਰਹਿਣਗੀਆਂ। ਇਸਦਾ ਮਤਲਬ ਹੈ ਕਿ ਇਨ੍ਹਾਂ ਦਿਨਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਅਤੇ ਸ਼ਰਾਬ ਪਰੋਸਣ ਵਾਲੇ ਅਦਾਰੇ ਬੰਦ ਰਹਿਣਗੇ।
ਦਿੱਲੀ ਸਰਕਾਰ ਨੇ ਹੁਕਮ ਦਿੱਤਾ ਹੈ ਕਿ 3 ਫਰਵਰੀ, 2025 ਨੂੰ ਸ਼ਾਮ ਦੇ 6 ਵਜੇ ਤੋਂ 5 ਫਰਵਰੀ ਨੂੰ ਸ਼ਾਮ 6 ਵਜੇ ਤੱਕ ਅਤੇ ਫਿਰ 8 ਫਰਵਰੀ ਨੂੰ ਚੋਣਾਂ ਦੀ ਗਿਣਤੀ ਵਾਲੇ ਦਿਨ ਦਿੱਲੀ ਵਿੱਚ ਡਰਾਈ ਡੇਅ ਹੋਵੇਗਾ। ਇਸ ਦੌਰਾਨ ਸ਼ਹਿਰ ਵਿੱਚ ਸ਼ਰਾਬ ਦੀ ਵਿਕਰੀ ਅਤੇ ਪਰੋਸਣ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਅਜਿਹੀ ਸਥਿਤੀ ਵਿੱਚ ਸ਼ਰਾਬ ਪੀਣ ਦੇ ਚਾਹਵਾਨ ਲੋਕਾਂ ਨੂੰ ਮੁਸ਼ਕਲ ਹੋ ਸਕਦੀ ਹੈ ਅਤੇ ਉਕਤ ਲੋਕਾਂ ਨੂੰ ਪਹਿਲਾਂ ਤੋਂ ਸਟਾਕ ਰੱਖਣ ਦੀ ਲੋੜ ਹੈ।
ਕੀ ਰਹੇਗਾ ਬੰਦ?
. ਸ਼ਰਾਬ ਦੀਆਂ ਦੁਕਾਨਾਂ : ਦਿੱਲੀ ਵਿੱਚ ਡਰਾਈ ਡੇਅ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
. ਹੋਟਲ ਅਤੇ ਰੈਸਟੋਰੈਂਟ: ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵੀ ਨਹੀਂ ਮਿਲੇਗੀ ਸ਼ਰਾਬ।
. ਕਲੱਬ ਅਤੇ ਹੋਰ ਅਦਾਰੇ: ਜਿਨ੍ਹਾਂ ਕਲੱਬਾਂ ਜਾਂ ਅਦਾਰਿਆਂ ਨੂੰ ਸ਼ਰਾਬ ਵੇਚਣ ਦਾ ਲਾਇਸੈਂਸ ਦਿੱਤਾ ਗਿਆ ਹੈ, ਉਨ੍ਹਾਂ ਨੂੰ ਵੀ ਸ਼ਰਾਬ ਵੇਚਣ ਜਾਂ ਪਰੋਸਣ ਦੀ ਇਜਾਜ਼ਤ ਨਹੀਂ ਹੋਵੇਗੀ।
ਦਿੱਲੀ ਵਿਧਾਨ ਸਭਾ ਚੋਣਾਂ 2025
ਦਿੱਲੀ ਵਿਚ ਇਸ ਵਾਰ 70 ਵਿਧਾਨ ਸਭਾ ਸੀਟਾਂ ਲਈ ਵੋਟਾਂ 5 ਫਰਵਰੀ ਨੂੰ ਪੈਣਗੀਆਂ, ਜਿਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਚੋਣਾਂ ਵਿਚ 699 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆਂ ਗਿਆ ਹੈ, ਜਿਨ੍ਹਾਂ ਵਿੱਚੋਂ 96 ਔਰਤਾਂ ਸ਼ਾਮਲ ਹਨ। ਇਸ ਸਮੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ ਅਤੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਾਰਟੀਆਂ ਵਲੋਂ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ।