30 ਸਤੰਬਰ ਨੂੰ ਸਲਾਨਾ ਜੋੜ ਮੇਲਾ ਦਾਤਾ ਬੰਦੀ ਛੋੜ ‘ਤੇ ਵਿਸ਼ੇਸ਼

main-news-300x150ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੇ ਦੋਖੀਆਂ ਦੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਤਾਇਆ, ਪ੍ਰਿੰਥੀਚੰਦ ਅਤੇ ਤਾਈ ਕਰਮੋ ਨੇ ਉਨ੍ਹਾਂ ਨੂੰ ਸ਼ਰੀਰਕ ਤੌਰ ‘ਤੇ ਮਾਰ ਦੇਣ ਦੀਆਂ ਚਾਰ ਗੋਂਦਾਂ ਗੁੰਦੀਆਂ ਪਰ ਹਰ ਵਾਰ ਅਸਫ਼ਲਤਾ ਅਤੇ ਬਦਨਾਮੀ ਹੀ ਮਿਲੀ। ਗੁਰੂ ਜੀ ਅਜੇ 11 ਸਾਲ ਦੇ ਹੀ ਸਨ ਕਿ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਤਸੀਹੇ ਦਿਵਾ ਕੇ ਸ਼ਹੀਦ ਕਰਵਾ ਦਿੱਤਾ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਜ਼ਾਰੀ ਕੀਤੇ ਕਿ ਅੱਜ ਤੋਂ ਬਾਅਦ ਗੁਰੂ ਘਰ ਨੂੰ ਦਿੱਤੀ ਭੇਟਾ ਵਿੱਚ ਚੰਗੇ ਹਥਿਆਰ, ਚੰਗੇ ਘੋੜੇ ਅਤੇ ਨੌਜਵਾਨ ਸ਼ਾਮਿਲ ਕੀਤੇ ਜਾਣ। ਇਸ ਵਾਸਤੇ ਸਿੱਖਾਂ ਨੂੰ ਵਰਜ਼ਿਸ਼, ਕੁਸ਼ਤੀਆਂ ਅਤੇ ਘੋੜ ਸਵਾਰੀ ਕਰਨ ਦੇ ਨਾਲ-ਨਾਲ ਗਤਕਾ ਖੇਡਣ ਦੀ ਹਦਾਇਤ ਕੀਤੀ ਗਈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅਕਾਲ ਪੁਰਖ ਉੱਤੇ ਭਰੋਸਾ ਰੱਖਦੇ ਹੋਏ ਜ਼ੁਲਮ ਦਾ ਟਾਕਰਾ ਕਰਨ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ ਗਈ। ਉਪਰੰਤ 1609 ਈ. ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਲੋਹਗੜ੍ਹ ਕਿਲ੍ਹਾ ਵੀ ਉਸਾਰੇ ਗਏ।
ਚੰਦੂ ਮਿਹਰਬਾਨ ਅਤੇ ਹੋਰ ਗੁਰੂ ਵਿਰੋਧੀ ਅਨਸਰਾਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਬਣਾ ਲਿਆ ਹੈ, ਨਗਾਰਾ ਵਜਾਉਂਦੇ ਹਨ, ਤਖ਼ਤ ‘ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉੇਂਦੇ ਹਨ, ਪਰ ਅਸਲ ਵਿੱਚ ਗੁਰੂ ਦਾ ਮਨਸ਼ਾ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ। ਬਾਦਸ਼ਾਹ ਕੰਨਾਂ ਦਾ ਬਹੁਤ ਕੱਚਾ ਸੀ। ਉਹ ਗੁਰੂ ਘਰ ਦੇ ਵਿਰੋਧੀਆਂ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ ਗੁਰੂ ਜੀ ਨੂੰ ਵਾਰਤਾਲਾਪ ਵਾਸਤੇ ਦਿੱਲੀ ਬੁਲਾਇਆ ਅਤੇ ਗੱਲਬਾਤ ਕੀਤੀ। ਇੱਕ ਦਿਨ ਜਹਾਂਗੀਰ ਬਾਦਸ਼ਾਹ ਸ਼ਿਕਾਰ ਖੇਡਣ ਦੌਰਾਨ ਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ। ਰਸਤੇ ਵਿੱਚ ਤਾਕ ਲਗਾ ਕੇ ਬੈਠਾ ਇੱਕ ਸ਼ੇਰ ਅਚਾਨਕ ਬਾਦਸ਼ਾਹ ਦੇ ਉੱਤੇ ਟੁੱਟ ਪਿਆ। ਗੁਰੂ ਜੀ ਨੇ ਸ਼ੇਰ ਨੂੰ ਤੁਰੰਤ ਆਪਣੀ ਢਾਲ ਤੇ ਰੋਕਿਦਿਆਂ ਤਲਵਾਰ ਦੇ ਇੱਕੋ ਵਾਰ ਨਾਲ ਮਾਰ ਦਿੱਤਾ। ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕੀਤਾ, ਪਰੰਤੂ ਬਾਅਦ ਵਿੱਚ ਉਸ ਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਾਹਦਤ ਨੇ ਸਿੱਖਾਂ ਨੂੰ ਭੈ-ਭੀਤ ਨਹੀਂ ਕੀਤਾ ਸਗੋਂ ਵਧੇਰੇ ਤਾਕਤਵਰ ਅਤੇ ਨਿਡਰ ਬਣਾ ਦਿੱਤਾ ਹੈ। ਸੋ, ਉਸ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਲਈ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਜਹਾਂਗੀਰ ਬਾਦਸ਼ਾਹ 1612 ਈ. ਵਿੱਚ ਬੀਮਾਰ ਹੋ ਗਿਆ। ਜਦੋਂ ਹਕੀਮਾਂ ਵਗ਼ੈਰਾ ਦੇ ਇਲਾਜ ਤੋਂ ਉਹ ਠੀਕ ਨਾ ਹੋਇਆ ਤਾਂ ਨੂਰਜਹਾਨ ਹਜ਼ਰਤ ਨਿਜ਼ਾਮੁਦੀਨ ਔਲੀਆ ਪਾਸ ਲੈ ਕੇ ਗਈ ਜਿਥੇ ਸਾਈਂ ਮੀਆਂ ਮੀਰ ਅਤੇ ਫ਼ਖਰੁਦੀਨ ਵੀ ਬੈਠੇ ਸਨ। ਉਥੇ ਹੋ ਰਹੀ ਗੱਲਬਾਤ ਵਿੱਚ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀ ਵੀ ਹੈ ਜਿਸ ਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੈ? ਸਾਈਂ ਮੀਆਂ ਮੀਰ ਨੇ ਜਵਾਬ ਦਿੱਤਾ ”ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਹਨ, ਜਿਨ੍ਹਾਂ ਨੂੰ ਤੁਸਾਂ ਬਿਨਾਂ ਕਿਸੇ ਕਾਰਨ ਦੇ ਕੈਦ ਕੀਤਾ ਹੋਇਆ ਹੈ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਵੀ ਪੂਰੇ ਬ੍ਰਹਮ ਗਿਆਨੀ ਸਨ ਜਿਨ੍ਹਾਂ ਨੂੰ ਤੁਹਾਡੀ ਭੈੜੀ ਨੀਤੀ ਨੇ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ। ਜਹਾਂਗੀਰ ਨੇ ਪਛਤਾਵਾ ਕਰਦਿਆਂ ਪੁੱਛਿਆ ਕਿ ਉਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ? ਹਜ਼ਰਤ ਮੀਆਂ ਮੀਰ ਦਾ ਉੱਤਰ ਸੀ, ”ਤੂੰ ਉਸ ਵੇਲੇ ਸੁਣਦਾ ਕਦੋਂ ਸੀ!” ਨੂਰਜਹਾਨ ‘ਤੇ ਇੰਨ੍ਹਾਂ ਗੱਲਾਂ ਦਾ ਡੂੰਘਾ ਅਸਰ ਹੋਇਆ ਅਤੇ ਉਸ ਨੇ ਜਹਾਂਗੀਰ ਨੂੰ ਕਿਹਾ ਸਿੱਖਾਂ ਦੇ ਗੁਰੂ ਨੂੰ ਕੈਦ ਵਿੱਚ ਰੱਖਣਾ ਠੀਕ ਨਹੀਂ ਹੈ। ਤੈਨੂੰ ਇਸ ਗ਼ੁਨਾਹ ਦੀ ਮਾਰ ਤੋਂ ਕੌਮ ਵੀ ਨਹੀਂ ਬਚਾ ਸਕਦੀ। ਇਸ ਵਾਰਤਾ ਦੇ ਫ਼ਲਸਰੂਪ ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ।
ਗੁਰੂ ਜੀ ਲਗਭਗ 2 ਸਾਲ 3 ਮਹੀਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਰਹੇ। ਬੰਦੀਆਂ ਨਾਲ ਰਹਿੰਦਿਆਂ ਆਪ ਜੀ ਨੇ ਸਦੀਆਂ ਤੋਂ ਦੱਬੇ ਅਤੇ ਗ਼ੁਲਾਮੀ ਵਿੱਚ ਜੀਉਣ ਵਾਲੇ ਲੋਕਾਂ ਲਈ ਅਜ਼ਾਦੀ ਦੀ ਮਸ਼ਾਲ ਜਗਾਈ ਅਤੇ ਕਿਲ੍ਹੇ ਅੰਦਰ ਕੈਦ ਦਾ ਸੰਤਾਪ ਭੁਗਤ ਰਹੇ ਰਾਜੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ। ਗੁਰੂ ਜੀ ਰਾਜੇ ਨੂੰ ਆਖਿਆ ਕਿ ਜਿੰਨਾ ਚਿਰ ਉਨ੍ਹਾਂ ਦੇ ਨਾਲ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜੇ ਅਤੇ ਹੋਰ ਰਾਜਸੀ ਕੈਦੀ ਰਿਹਾ ਨਹੀਂ ਕੀਤੇ ਜਾਂਦੇ, ਉਹ ਕਿਲ੍ਹੇ ‘ਚੋ ਬਾਹਰ ਨਹੀਂ ਆਉਣਗੇ। ਬਾਦਸ਼ਾਹ ਨੇ ਆਖਿਆ ਕਿ ਜਿਹੜੇ ਜਿਹੜੇ ਵੀ ਗੁਰੂ ਦੀ ਕੰਨੀ ਜਾਂ ਹੱਥ ਫ਼ੜ ਕੇ ਆ ਜਾਣ ਉਨ੍ਹਾਂ ਨੂੰ ਰਿਹਾ ਕੀਤਾ ਜਾਵੇ। ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ। ਇਸ ਤਰ੍ਹਾਂ 1612 ਈ. ਵਿੱਚ ਅੱਸੂ ਦੀ ਮੱਸਿਆ ਵਾਲੇ ਦਿਨ 52 ਰਾਜੇ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਅਤੇ ਦੋਵੇਂ ਹੱਥ ਫ਼ੜ ਕੇ ਬਾਹਰ ਆ ਗਏ। ਇਸ ਕਰ ਕੇ ਗੁਰੂ ਜੀ ਨੂੰ ‘ਬੰਦੀ ਛੋੜ ਦਾਤਾ’ ਕਿਹਾ ਜਾਂਦਾ ਹੈ। ਕਿਲ੍ਹੇ ਤੋਂ ਬਾਹਰ ਆਉਣ ਸਮੇਂ ਰਾਜਿਆਂ ਨੇ ਜੈ ਦਾਤਾ ਬੰਦੀ ਛੋੜ ਦੇ ਨਾਅਰੇ ਲਗਾਏ। ਉਸ ਦਿਨ ਤੋਂ ਗੁਰੂ ਜੀ ਦਾਤਾ ਬੰਦੀ ਛੋੜ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਇਤਿਹਾਸਕ ਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਲੋਂ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਗਿਆ। ਅੱਜਕੱਲ੍ਹ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਸੇਵਾ ਕਰਵਾ ਰਹੇ ਹਨ। ਇਸ ਅਸਥਾਨ ‘ਤੇ ਗੁਰੂ ਜੀ ਦੀ ਰਿਹਾਈ ਵਾਲੀ ਅੱਸੂ ਦੀ ਮੱਸਿਆ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਗਾਵਲੀਅਰ ਤੋਂ ਨਗਰ ਕੀਰਤਨ ਕਰਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਪੜਾਅ ਕਰਦੇ ਹੋਏ ਮਹੀਨੇ ਬਾਅਦ ਕੱਤਕ ਦੀ ਮੱਸਿਆ ਵਾਲੇ ਦਿਨ ਅੰਮ੍ਰਿਤਸਰ ਪੁੱਜੇ ਸਨ।

angrej-singh-hundalਅੰਗਰੇਜ ਸਿੰਘ ਹੁੰਦਲ
9876785672

LEAVE A REPLY