PM ਮੋਦੀ ਨੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਦਿੱਤੇ ਸਰਕਾਰੀ ਨੌਕਰੀਆਂ ਦੇ ਭਰਤੀ ਪੱਤਰ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰੁਜ਼ਗਾਰ ਮੇਲੇ ਦੇ ਅਧੀਨ ਹਾਲ ਹੀ ‘ਚ ਭਰਤੀ ਕੀਤੇ ਗਏ ਇਕ ਲੱਖ ਤੋਂ ਵਧੇਰੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ‘ਚ ਸਮੇਕਿਤ ਕਰਮਯੋਗੀ ਭਵਨ ਕੰਪਲੈਕਸ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੰਪਲੈਕਸ ਦਾ ਮਕਸਦ ਮਿਸ਼ਨ ਕਰਮਯੋਗੀ ਦੀਆਂ ਵੱਖ-ਵੱਖ ਬਰਾਚਾਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਨੂੰ ਉਤਸ਼ਾਹ ਦੇਣਾ ਹੈ। ਰੁਜ਼ਗਾਰ ਮੇਲੇ ‘ਚ ਪੀ.ਐੱਮ. ਮੋਦੀ ਨੇ ਕਿਹਾ ਕਿ 10 ਸਾਲਾਂ ‘ਚ ਭਾਜਪਾ ਸਰਕਾਰ ਨੇ ਸਾਬਕਾ ਸਰਕਾਰ ਦੀ ਤੁਲਨਾ ‘ਚ ਡੇਢ ਗੁਣਾ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਹ ਰੁਜ਼ਗਾਰ ਮੇਲਾ ਦੇਸ਼ ਭਰ ‘ਚ 47 ਥਾਵਾਂ ‘ਤੇ ਆਯੋਜਿਤ ਕੀਤਾ ਜਾਂਦਾ ਹੈ।
ਨਵੇਂ ਚੁਣੇ ਨੌਜਵਾਨ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਮਾਲੀਆ ਵਿਭਾਗ, ਗ੍ਰਹਿ ਮੰਤਰਾਲਾ, ਉੱਚ ਸਿੱਖਿਆ ਵਿਭਾਗ, ਪਰਮਾਣੂ ਊਰਜਾ ਵਿਭਾਗ, ਰੱਖਿਆ ਮੰਤਰਾਲਾ, ਵਿੱਤੀ ਸੇਵਾ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਜਨਜਾਤੀ ਮਾਮਲਿਆਂ ਦੇ ਮੰਤਰਾਲਾ ਅਤੇ ਰੇਲਵੇ ਮੰਤਰਾਲਾ ‘ਚ ਵੱਖ-ਵੱਖ ਅਹੁਦਿਆਂ ‘ਤੇ ਭਰਤੀ ਹੋ ਕੇ ਸਰਕਾਰ ‘ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਅਨੁਸਾਰ ਰੁਜ਼ਗਾਰ ਮੇਲਾ ਦੇਸ਼ ‘ਚ ਰੁਜ਼ਗਾਰ ਪੈਦਾ ਕਰਨ ਨੂੰ ਲੈ ਕੇ ਸਰਵਉੱਚ ਪਹਿਲ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਇਕ ਕਦਮ ਹੈ। ਨਵੇਂ ਚੁਣੇ ਨੌਜਵਾਨਾਂ ਨੂੰ ਆਈ.ਜੀ.ਓ.ਟੀ. ਕਰਮਯੋਗੀ ਪੋਰਟਲ ‘ਤੇ ਇਕ ਆਨਲਾਈਨ ਮਾਡਿਊਲ ‘ਕਰਮਯੋਗੀ ਪ੍ਰਾਰੰਭ’ ਦੇ ਮਾਧਿਅਮ ਨਾਲ ਖ਼ੁਦ ਨੂੰ ਸਿੱਖਿਅਤ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ, ਜਿੱਥੇ ‘ਕਿਤੇ ਵੀ ਕਿਸੇ ਨੂੰ ਵੀ ਡਿਵਾਈਸ’ ਸਿੱਖਣ ਦੇ ਫਾਰਮੈਟ ਲਈ 880 ਤੋਂ ਵੱਧ ਈ-ਲਰਨਿੰਗ ਕੋਰਸ ਉਪਲੱਬਧ ਕਰਵਾਏ ਗਏ ਹਨ। ਕੇਂਦਰ ਸਰਕਾਰ ਦੇ ਵਿਭਾਗਾਂ ‘ਚ ਨਿਯੁਕਤ ਕੀਤੇ ਗਏ ਇਕ ਲੱਖ ਤੋਂ ਵੱਧ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ।