ਲੋਕ ਸਭਾ ਸੀਟ ਲਈ ‘ਆਪ’ ਦੇ ਸੰਭਾਵੀ ਉਮੀਦਵਾਰ ਸਬੰਧੀ ਚਰਚੇ ਤੇਜ਼

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਕੇਜਰੀਵਾਲ ਵਲੋਂ ਖੰਨਾ ਵਿਚ ਗੱਠਜੋੜ ਦੀ ਬਜਾਏ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ ਤੋਂ ਇਕੱਲੇ ਹੀ ਉਮੀਦਵਾਰ ਖੜ੍ਹੇ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿਚ ਲੋਕਸਭਾ ਸੀਟ ਦੇ ਸੰਭਾਵਤ ਉਮੀਦਵਾਰ ਨੂੰ ਲੈ ਕੇ ਬਾਜ਼ਾਰ ਗਰਮ ਹੈ। ਕਈ ਮੀਡੀਆ ਹਾਊਸ ਅਤੇ ਸਿਆਸੀ ਪਾਰਟੀਆਂ ਵਲੋਂ ਵੀ ਸਰਵੇ ਕਰਵਾਏ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਸਭ ਤੋਂ ਪੁਰਾਣੇ ਆਗੂ ਅਤੇ ਸਾਬਕਾ ਕਨਵੀਨਰ ਪ੍ਰੇਮ ਗਰਗ ਦੇ ਨਾਂ ਦੀ ਚਰਚਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ, ਹਾਲਾਂਕਿ ਪ੍ਰਦੀਪ ਛਾਬੜਾ ਅਤੇ ਬਾਹਰੀ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਦੇ ਵਟਸਐਪ ਗਰੁੱਪ ਵਿਚ ਪ੍ਰੇਮ ਗਰਗ ਦੇ ਨਾਂ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ।
ਗਰਗ 10 ਸਾਲਾਂ ਤੋਂ ਚੰਡੀਗੜ੍ਹ ਵਿਚ ਪਾਰਟੀ ਦਾ ਚਿਹਰਾ ਰਹੇ ਹਨ ਅਤੇ ਵਰਕਰ ਉਨ੍ਹਾਂ ਦੇ ਚੰਗੇ ਸੁਭਾਅ ਦੀਆਂ ਗੱਲਾਂ ਕਰਦੇ ਹਨ। ਸਾਰੀਆਂ ਪਾਰਟੀਆਂ ਦੇ ਵਰਕਰਾਂ ਦਾ ਕਹਿਣਾ ਹੈ ਕਿ ਇਸ ਵਾਰ ਚੰਡੀਗੜ੍ਹ ਦੇ ਲੋਕ ਪੈਰਾਸ਼ੂਟ ਉਮੀਦਵਾਰ, ਫ਼ਿਲਮੀ ਕਲਾਕਾਰ ਜਾਂ ਬਾਹਰੀ ਉਮੀਦਵਾਰ ਨੂੰ ਸਵੀਕਾਰ ਨਹੀਂ ਕਰਨਗੇ। ਸਾਰੀਆਂ ਪਾਰਟੀਆਂ ਨੂੰ ਸਥਾਨਕ ਉਮੀਦਵਾਰਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।