ਇਟਲੀ ਦੀ ਜੇਲ੍ਹ ‘ਚ ਬੰਦ ਭਾਰਤੀ ਕੈਦੀ ਨੇ ਕੀਤੀ ਖ਼ੁਦਕੁਸ਼ੀ

ਮਿਲਾਨ/ਇਟਲੀ – ਇਟਲੀ ਦੇ ਸ਼ਹਿਰ ਲਾਤੀਨਾ ਦੀ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਵੱਲੋਂ ਸੈੱਲ ਦੇ ਬਾਥਰੂਮ ਅੰਦਰ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਟਾਲੀਅਨ ਮੀਡੀਆ ਤੋਂ ਪ੍ਰਾਪਤ ਹੋਏ ਵੇਰਵੇ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ 36 ਸਾਲਾ ਭਾਰਤੀ ਜੋ ਕਿ ਜਿਨਸੀ ਹਿੰਸਾ ਦੇ ਇਲਜ਼ਾਮ ਹੇਠ ਜੇਲ੍ਹ ਵਿੱਚ ਬੰਦ ਸੀ, ਨੇ ਆਪਣੇ ਸੈੱਲ ਦੇ ਬਾਥਰੂਮ ਅੰਦਰ ਹੀ ਫਾਹਾ ਲੈ ਲਿਆ।
ਪੁਲਸ ਅਧਿਕਾਰੀਆਂ ਨੂੰ ਉਹ ਬਾਥਰੂਮ ਅੰਦਰ ਲਟਕਿਆ ਮਿਲਿਆ। ਸ਼ੁਰੂਆਤੀ ਜਾਂਚ ਵਿੱਚ ਪੁਲਸ ਇਸ ਨੂੰ ਖੁਸਕੁਸ਼ੀ ਹੀ ਦੱਸ ਰਹੀ ਹੈ। ਮੀਡੀਆ ਅਨੁਸਾਰ ਇਟਲੀ ਵਿੱਚ ਸਾਲ 2024 ਦੀ ਸ਼ੁਰੂਆਤ ਤੋਂ ਹੁਣ ਤੱਕ ਇਹ 17ਵਾਂ ਵਿਅਕਤੀ ਹੈ, ਜਿਸਨੇ ਜੇਲ੍ਹ ਵਿੱਚ ਖ਼ੁਦਕੁਸ਼ੀ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵਿਅਕਤੀ ਦੇ ਨਾਂ ਜਾਂ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।