ਸੁਖਬੀਰ ਬਾਦਲ ਦਿੱਲੀ ਰਵਾਨਾ, ਮੁੜ ਗਠਜੋੜ ਦੇ ਆਸਾਰ! ਜਲੰਧਰ-ਲੁਧਿਆਣਾ ਸੀਟ ’ਤੇ ਫਸਿਆ ਪੇਚ

ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ-ਕੱਲ੍ਹ ਪੰਜਾਬ ਬਚਾਓ ਯਾਤਰਾ ’ਤੇ ਨਿਕਲੇ ਹੋਏ ਹਨ। ਇਹ ਯਾਤਰਾ ਬੀਤੀ ਸ਼ਾਮ ਜ਼ੀਰੇ ਤੇ ਫਿਰੋਜ਼ਪੁਰ ਵਿਚ ਸੀ ਤੇ 10 ਤੇ 11 ਫਰਵਰੀ ਨੂੰ ਇਸ ਯਾਤਰਾ ਦੀ ਪਾਰਟੀ ਵੱਲੋਂ ਬ੍ਰੇਕ ਦੱਸੀ ਜਾ ਰਹੀ ਹੈ। ਇਹ ਯਾਤਰਾ 12 ਫਰਵਰੀ ਨੂੰ ਮੁੜ ਫਿਰੋਜ਼ਪੁਰ ਦੇ ਪੇਂਡੂ ਹਲਕਿਆਂ ਤੇ ਫਰੀਦਕੋਟ ਵਿਚੋਂ ਗੁਜਰੇਗੀ। ਇਨ੍ਹਾਂ ਦੋ ਦਿਨਾਂ ਦੀ ਬ੍ਰੇਕ ਦੇ ਚਲਦੇ ਭਰੋਸੇਯੋਗ ਸੂਤਰਾਂ ਨੇ ਅੱਜ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਲਈ ਰਵਾਨਾ ਹੋ ਗਏ ਹਨ, ਜਿੱਥੇ ਉਹ ਮੀਡੀਆ ਵਿਚ ਵੱਡੇ ਪੱਧਰ ’ਤੇ ਆ ਰਹੀਆਂ ਅਕਾਲੀ-ਭਾਜਪਾ ਗਠਜੋੜ ਦੀਆਂ ਖਬਰਾਂ ਨੂੰ ਸੱਚ ਵਿਚ ਤਬਦੀਲ ਕਰਨ ਲਈ ਦਿੱਲੀ ਬੈਠੀ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤਾਂ ਕਰ ਸਕਦੇ ਹਨ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਭਾਜਪਾ ਦੀ ਹੋਈ ਮੀਟਿੰਗ ਵਿਚ ਜ਼ਿਆਦਾਤਰ ਭਾਜਪਾਈਆਂ ਨੇ ਅਕਾਲੀ ਦਲ ਨਾਲ ਗਠਜੋੜ ਕਰਨ ਲਈ ਆਪਣੀ ਹਾਈਕਮਾਂਡ ਨੂੰ ਹਰੀ ਝੰਡੀ ਦੇਣ ਲਈ ਕਹਿ ਦਿੱਤਾ ਹੈ ਜਦੋਂਕਿ ਸੀਟਾਂ ਦੀ ਵੰਡ ਨੂੰ ਲੈ ਕੇ ਇਹ ਵੀ ਚਰਚਾ ਸਾਹਮਣੇ ਆਈ ਹੈ ਕਿ 8/6 ’ਤੇ ਦੋਵਾਂ ਪਾਰਟੀਆਂ ਦੀ ਸਹਿਮਤੀ ਬਣ ਗਈ ਹੈ। ਇਨ੍ਹਾਂ ਵਿਚੋਂ 6 ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ ਜਦੋਂਕਿ ਲੁਧਿਆਣਾ ਜਾਂ ਜਲੰਧਰ ਸੀਟ ਲਈ ਪੇਚਾ ਫਸਿਆ ਦੱਸਿਆ ਜਾ ਰਿਹਾ ਹੈ।
ਜਦੋਂ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ. ਸੈਕਟਰੀ ਬਲਵਿੰਦਰ ਸਿੰਘ ਭੂੰਦੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਤੋਂ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟ ਕੀਤੀ ਤੇ ਕਿਹਾ ਕਿ ਐਸੀ ਕੋਈ ਗੱਲ ਨਹੀਂ, ਸਾਡੀ ਪਾਰਟੀ ਜਾਂ ਮੀਟਿੰਗ ਵਿਚ ਕੋਈ ਅਜਿਹੀ ਗੱਲ ਨਹੀਂ ਹੋਈ, ਸਾਨੂੰ ਤਾਂ ਇਹ ਤੁਹਾਡੇ ਤੋਂ ਪਤਾ ਲੱਗਾ ਹੈ।