ਵਿਰਾਟ ਦੂਜੀ ਵਾਰ ਬਣਨ ਜਾ ਰਿਹੈ ਪਿਤਾ

ਮਿਲਟਨ: ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਦੂਜੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਕਾਰਨ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ‘ਚ ਬਣੀ ਹੋਈ ਹੈ, ਪਰ ਹਾਲੇ ਤਕ ਨਾ ਤਾਂ ਵਿਰਾਟ ਕੋਹਲੀ ਅਤੇ ਨਾ ਹੀ ਅਨੁਸ਼ਕਾ ਸ਼ਰਮਾ ਨੇ ਇਸ ਬਾਰੇ ਕੋਈ ਵੀ ਐਲਾਨ ਕੀਤਾ ਹੈ। ਏ.ਬੀ.ਡਿਵਿਲੀਅਰਜ਼ ਨੇ ਇਸ ਬਾਰੇ ਖ਼ੁਲਾਸਾ ਜ਼ਰੂਰ ਕੀਤਾ ਹੈ। ਡਿਵਿਲੀਅਰਸ, ਜੋ ਵਿਰਾਟ ਦਾ ਆੜੀ ਹੈ, ਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ ਇਸ ਗੱਲ ਦਾ ਖ਼ੁਲਾਸਾ ਕੀਤਾ ਜਿਸ ਨੇ ਪੁਸ਼ਟੀ ਕੀਤੀ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ।
ਜਦੋਂ ਇੱਕ ਪ੍ਰਸ਼ੰਸਕ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈੱਸਟ ਮੈਚਾਂ ‘ਚ ਕੋਹਲੀ ਦੀ ਗ਼ੈਰ-ਹਾਜ਼ਰੀ ਅਤੇ ਆਖਰੀ ਤਿੰਨ ਮੈਚਾਂ ‘ਚ ਉਸ ਦੀ ਸੰਭਾਵਿਤ ਵਾਪਸੀ ਬਾਰੇ ਪੁੱਛਿਆ। ਇਸ ਲਈ ਡਿਵਿਲੀਅਰਜ਼ ਨੇ ਸਾਂਝਾ ਕੀਤਾ, ”ਮੈਂ ਉਸ ਨੂੰ ਟੈੱਕਸਟ ਕੀਤਾ, ਅਤੇ ਜੋ ਮੈਂ ਉਸ ਤੋਂ ਸੁਣਿਆ, ਉਸ ਬਾਰੇ ਮੈਂ ਬਹੁਤ ਸਾਰੇ ਵੇਰਵੇ ਨਹੀਂ ਦੇ ਸਕਦਾ। ਮੈਂ ਬੱਸ ਇਹ ਜਾਣਦਾ ਹਾਂ ਕਿ ਉਹ ਠੀਕ ਹੈ ਅਤੇ ਆਪਣੇ ਪਰਿਵਾਰ ਨਾਲ ਕੁੱਝ ਸਮਾਂ ਬਿਤਾ ਰਿਹਾ ਹੈ। ਪਹਿਲੀ ਵਾਰ ਇੰਗਲੈਂਡ ਖ਼ਿਲਾਫ਼ ਕੁੱਝ ਟੈੱਸਟ ਮੈਚਾਂ ‘ਚ ਨਾ ਦਿਖਾਈ ਦੇਣ ਦਾ ਵੀ ਇਹੀ ਕਾਰਨ ਸੀ।”
ਉਸ ਤੋਂ ਬਾਅਦ ਡਿਵਿਲੀਅਰਜ਼ ਨੇ ਕਿਹਾ, ”ਮੈਂ ਉਨ੍ਹਾਂ ਨੂੰ ਮੈਸੇਜ ਕੀਤਾ ਸੀ। ਮੈਂ ਉਸ ਨੂੰ ਲਿਖਿਆ ਸੀ ਕਿ ਬਿਸਕੁੱਟ, ਕੁੱਝ ਸਮੇਂ ਲਈ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਸੀ ਕਿਵੇਂ ਹੋ? ”ਫ਼ਿਰ ਡਿਵਿਲੀਅਰਜ਼ ਨੇ ਕੋਹਲੀ ਦਾ ਸੰਦੇਸ਼ ਪੜ੍ਹਿਆ ਅਤੇ ਉਸ ਦਾ ਜਵਾਬ ਦਿੱਤਾ। ਕੋਹਲੀ ਨੇ ਲਿਖਿਆ ਸੀ, ”ਫ਼ਿਲਹਾਲ ਮੈਨੂੰ ਆਪਣੇ ਪਰਿਵਾਰ ਨਾਲ ਰਹਿਣ ਦੀ ਲੋੜ ਹੈ। ਮੈਂ ਚੰਗਾ ਹਾਂ।”ਡਿਵਿਲੀਅਰਜ਼ ਨੇ ਆਪਣੇ ਪਰਿਵਾਰ ਨੂੰ ਪਹਿਲ ਦੇਣ ‘ਤੇ ਕੋਹਲੀ ਦਾ ਸਮਰਥਨ ਕੀਤਾ ਅਤੇ ਕਿਹਾ, ”ਹਾਂ, ਉਨ੍ਹਾਂ ਦਾ ਦੂਜਾ ਬੱਚਾ ਆਉਣ ਵਾਲਾ ਹੈ। ਇਹ ਪਰਿਵਾਰਕ ਸਮਾਂ ਹੈ। ਤੁਸੀਂ ਇੱਥੇ ਕਿਸ ਲਈ ਹੋ? ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਤਰਜੀਹ ਪਰਿਵਾਰ ਹੀ ਹੁੰਦਾ ਹੈ।”