ਲੱਗਾ ਸੀ ਦੁਨੀਆਂ ‘ਚ ਖ਼ਤਮ ਹੋ ਚੁੱਕੈ ਮੇਰਾ ਸਮਾਂ – ਰਿਸ਼ਭ ਪੰਤ

ਸਰੀ: ਭਾਰਤੀ ਕ੍ਰਿਕਟ ਸਟਾਰ ਰਿਸ਼ਭ ਪੰਤ ਦਿਸੰਬਰ 2022 ‘ਚ ਜਦੋਂ ਨਵਾਂ ਸਾਲ ਆਪਣੇ ਪਰਿਵਾਰ ਨਾਲ ਮਨਾਉਣ ਲਈ ਆਪਣੀ SUV ਕਾਰ ਰਾਹੀਂ ਰੁੜਕੀ ਤੋਂ ਨਵੀਂ ਦਿੱਲੀ ਜਾ ਰਹੇ ਸਨ ਤਾਂ ਰਾਹ ‘ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਤਕਰੀਬਨ ਇੱਕ ਸਾਲ ਬਾਅਦ ਪੰਤ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉਕਤ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਕੁਝ ਸਮੇਂ ਲਈ ਮੈਨੂੰ ਲੱਗਿਆ ਸੀ ਕਿ ਮੇਰਾ ਦੁਨੀਆਂ ‘ਚ ਸਮਾਂ ਖ਼ਤਮ ਹੋ ਗਿਆ ਹੈ। ਪੰਤ ਨੂੰ ਸਿਰ, ਪਿੱਠ ਅਤੇ ਪੈਰਾਂ ‘ਤੇ ਸੱਟਾਂ ਲੱਗੀਆਂ ਸਨ। ਇਸ ਤੋਂ ਇਲਾਵਾ ਉਸ ਦੇ ਮੱਥੇ ‘ਤੇ ਦੋ ਕੱਟ ਅਤੇ ਉਨ੍ਹਾਂ ਦਾ ਗੋਡੇ ਦਾ ਲਿਗਾਮੈਂਟ ਫ਼ੱਟ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁੱਟ, ਪੈਰ ਦੇ ਅੰਗੂਠੇ ਅਤੇ ਪਿੱਠ ‘ਤੇ ਵੀ ਸੱਟ ਲੱਗੀ ਸੀ। ਉਨ੍ਹਾਂ ਨੂੰ ਆਪਣੇ ਚਿਹਰੇ ਦੀਆਂ ਸੱਟਾਂ ਅਤੇ ਜ਼ਖ਼ਮਾਂ ਲਈ ਪਲਾਸਟਿਕ ਸਰਜਰੀ ਤਕ ਕਰਵਾਈ ਸੀ।
ਇਸ ਹਾਦਸੇ ਤੋਂ ਇੱਕ ਸਾਲ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਹੁਣ ਪੰਤ ਨੇ ਸਟਾਰ ਸਪੋਰਟਸ ਦੀ ਬਿਲੀਵ ਸੀਰੀਜ਼ ਦੌਰਾਨ ਉਸ ਦੁਖਦਾਈ ਤਜਰਬੇ ਬਾਰੇ ਦੱਸਿਆ ਜਿਸ ‘ਚ ਉਸ ਦੀ ਲਗਭਗ ਜਾਨ ਹੀ ਚਲੀ ਗਈ ਸੀ। ਪੰਤ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਜੇ ਟੈਲੀਕਾਸਟ ਹੋਣਾ ਹੈ, ਪਰ ਉਸ ਤੋ ਪਹਿਲਾਂ ਹੀ ਪ੍ਰੋਗਰਾਮ ਦੇ ਕੁਝ ਅੰਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਹਨ। ਪੰਤ ਨੇ 2022 ਦੇ ਅਖ਼ੀਰ ‘ਚ ਆਪਣੀ ਖ਼ਤਰਨਾਕ ਕਾਰ ਹਾਦਸੇ ਨੂੰ ਯਾਦ ਕਰਦਿਆਂ ਕਿਹਾ, ”ਜ਼ਿੰਦਗੀ ‘ਚ ਪਹਿਲੀ ਵਾਰ ਮੈਨੂੰ ਅਜਿਹਾ ਲੱਗਿਆ ਜਿਵੇਂ ਦੁਨੀਆਂ ‘ਚ ਮੇਰਾ ਸਮਾਂ ਖ਼ਤਮ ਹੋ ਚੁੱਕਾ ਹੈ। ਹਾਦਸੇ ਦੌਰਾਨ ਮੈਨੂੰ ਜ਼ਖ਼ਮਾਂ ਬਾਰੇ ਪਤਾ ਸੀ, ਪਰ ਮੈਂ ਕਿਸਮਤ ਵਾਲਾ ਸੀ ਕਿਉਂਕਿ ਇਹ ਹੋਰ ਵੀ ਗੰਭੀਰ ਹੋ ਸਕਦਾ ਸੀ। ਮੈਨੂੰ ਲੱਗਿਆ ਕਿ ਕਿਸੇ ਨੇ ਮੈਨੂੰ ਬਚਾ ਲਿਆ ਹੈ। ਹਸਪਤਾਲ ‘ਚ ਜਦੋਂ ਮੈਂ ਡਾਕਟਰ ਤੋਂ ਪੁੱਛਿਆ ਕਿ ਮੈਨੂੰ ਠੀਕ ਹੋਣ ‘ਚ ਕਿੰਨਾ ਸਮਾਂ ਲੱਗੇਗਾ ਤਾਂ ਉਸ ਨੇ ਕਿਹਾ ਕਿ 16-18 ਮਹੀਨੇ। ਮੈਨੂੰ ਪਤਾ ਸੀ ਕਿ ਮੈਨੂੰ ਰਿਕਵਰੀ ਸਮੇਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ।”
ਦੱਸ ਦਈਏ ਕਿ ਉਕਤ ਹਾਦਸੇ ਤੋਂ ਇੱਕ ਸਾਲ ਬਾਅਦ ਪੰਤ ਹੁਣ ਠੀਕ ਹੋ ਗਿਆ ਹੈ, ਅਤੇ ਉਹ ਛੇਤੀ ਹੀ ਐਕਸ਼ਨ ‘ਚ ਪਰਤਦਾ ਨਜ਼ਰ ਆਵੇਗਾ। ਪਹਿਲਾਂ ਆਸ ਸੀ ਕਿ ਉਹ ਭਾਰਤ ਬਨਾਮ ਇੰਗਲੈਂਡ ਟੈੱਸਟ ਸੀਰੀਜ਼ ‘ਚ ਨਜ਼ਰ ਆਵੇਗਾ, ਪਰ ਰਿਕਵਰੀ ਪ੍ਰਕਿਰਿਆ ਹੌਲੀ ਹੋਣ ਕਾਰਨ ਹੁਣ ਪੰਤ ਸਿੱਧਾ IPL ਦੌਰਾਨ ਹੀ ਵਾਪਸੀ ਕਰਦਾ ਨਜ਼ਰ ਆਏਗਾ। ਪੰਤ ਨੂੰ ਦਿਸੰਬਰ ‘ਚ ਹੋਈ IPL ਔਕਸ਼ਨ ‘ਚ ਵੇਖਿਆ ਗਿਆ ਸੀ ਜਿੱਥੇ ਉਹ ਦਿੱਲੀ ਕੈਪਿਟਲਜ਼ ਦੇ ਟੇਬਲ ‘ਤੇ ਬੈਠਾ ਬੋਲੀਆਂ ਲਗਾਉਂਦਾ ਦਿਖਿਆ ਸੀ। ਪੰਤ ਦੀ ਗ਼ੈਰਹਾਜ਼ਰੀ ‘ਚ ਦਿੱਲੀ ਕੈਪੀਟਲਜ਼ ਦਾ ਪਿਛਲੇ ਸਾਲ ਪ੍ਰਦਰਸ਼ਨ ਖ਼ਾਸ ਨਹੀਂ ਸੀ ਰਿਹਾ, ਪਰ ਇਸ ਵਾਰ ਉਮੀਦ ਹੈ ਕਿ ਪੰਤ ਕੋਈ ਨਵੀਂ ਕਰਾਮਾਤ ਕਰੇਗਾ।