ਬੌਬੀ ਦਿਓਲ ਦਾ ਕੰਗੂਵਾ ‘ਚ ਖੌਫ਼ਨਾਕ ਲੁੱਕ

ਸੋਲਜਰ, ਬਰਸਾਤ, ਅਪਨੇ ਅਤੇ ਐਨੀਮਲ ਵਰਗੀਆਂ ਫ਼ਿਲਮਾਂ ਕਰ ਕੇ ਸਿਨੇਮਾ ‘ਚ ਆਪਣੀ ਪਛਾਣ ਬਣਾਉਣ ਵਾਲਾ ਅਦਾਕਾਰ ਬੌਬੀ ਦਿਓਲ ਲੰਘੀ 27 ਜਨਵਰੀ ਨੂੰ 55 ਸਾਲ ਦਾ ਹੋ ਗਿਆ ਹੈ। ਪ੍ਰਸ਼ੰਸਕ ਅਦਾਕਾਰ ਨੂੰ ਉਸ ਦੇ ਜਨਮਦਿਨ ‘ਤੇ ਸੋਸ਼ਲ ਮੀਡੀਆ ‘ਤੇ ਸ਼ੁਭਕਾਮਨਾਵਾਂ ਦੇ ਰਹੇ ਸਨ। ਭਰਾ ਸਨੀ ਦਿਓਲ ਅਤੇ ਭੈਣ ਈਸ਼ਾ ਦਿਓਲ ਨੇ ਵੀ ਭਰਾ ਬੌਬੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਥੇ ਹੀ ਸਾਊਥ ਸੁਪਰਸਟਾਰ ਸੂਰਿਆ ਦੀ ਫ਼ਿਲਮ ਕੰਗੂਵਾ ‘ਚ ਬੌਬੀ ਦਿਓਲ ਵੀ ਨਜ਼ਰ ਆਵੇਗਾ। ਬੌਬੀ ਦੇ ਪ੍ਰਸ਼ੰਸਕ ਕੰਗੂਵਾ ‘ਚ ਉਸ ਦੇ ਕਿਰਦਾਰ ਬਾਰੇ ਜਾਣਨ ਲਈ ਬੇਤਾਬ ਸਨ।
ਅਜਿਹੇ ‘ਚ ਮੇਕਰਜ਼ ਨੇ ਬੌਬੀ ਦੇ 55ਵੇਂ ਜਨਮਦਿਨ ‘ਤੇ ਉਸ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਕੰਗੂਵਾ ਦੇ ਪੋਸਟਰ ਦੇ ਜ਼ਰੀਏ ਅਦਾਕਾਰ ਦੀ ਪਹਿਲੀ ਲੁੱਕ ਦਾ ਖ਼ੁਲਾਸਾ ਕੀਤਾ ਹੈ। ਫ਼ਿਲਮ ‘ਚ ਬੌਬੀ ਦੇ ਕਿਰਦਾਰ ਦਾ ਨਾਂ ਵੀ ਸਾਹਮਣੇ ਆਇਆ ਹੈ। ਕੰਗੂਵਾ ‘ਚ ਬੌਬੀ ਦੀ ਪਹਿਲੀ ਲੁੱਕ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸੰਕੇਤ ਮਿਲੇ ਹਨ ਕਿ ਅਦਾਕਾਰ ਇੱਕ ਵਾਰ ਫ਼ਿਰ ਤੋਂ ਇੱਕ ਖ਼ਤਰਨਾਕ ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆਵੇਗਾ। ਫ਼ਿਲਮ ‘ਚ ਬੌਬੀ ਦੇ ਕਿਰਦਾਰ ਦਾ ਨਾਂ ਉਧੀਰਨ ਹੈ। ਕੰਗੂਵਾ ‘ਚ ਬੌਬੀ ਦੇ ਕਿਰਦਾਰ ਉਧੀਰਨ ਦੀ ਪਹਿਲੀ ਝਲਕ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਪੋਸਟਰ ਕਾਫ਼ੀ ਜ਼ਬਰਦਸਤ ਹੈ ਜਿਸ ‘ਚ ਬੌਬੀ ਦਿਓਲ ਡਰਾਉਣੇ ਰੂਪ ‘ਚ ਨਜ਼ਰ ਆ ਰਿਹੈ। ਬੌਬੀ ਦੇ ਲੰਬੇ ਵਾਲ ਦਿਖਾਏ ਗਏ ਹਨ ਜਿਨ੍ਹਾਂ ‘ਤੇ ਸਿੰਗ ਵੀ ਹਨ। ਇਸ ਦੇ ਨਾਲ ਹੀ ਉਹ ਕਈ ਔਰਤਾਂ ਨਾਲ ਘਿਰਿਆ ਨਜ਼ਰ ਆ ਰਿਹਾ ਹੈ। ਉਸ ਦੀ ਛਾਤੀ ‘ਤੇ ਹੱਡੀਆਂ ਦੀ ਬਣੀ ਇੱਕ ਢਾਲ ਹੈ ਜਿਸ ‘ਤੇ ਖ਼ੂਨ ਵੀ ਦਿਖਾਈ ਦੇ ਰਿਹਾ ਹੈ। ਬੌਬੀ ਦੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਕੈਪਸ਼ਨ ‘ਚ ਲਿਖਿਆ, ”ਬੇਰਹਿਮ, ਸ਼ਕਤੀਸ਼ਾਲੀ, ਅਨਫ਼ੌਰਗੈਟੇਬਲ ਸਾਡੇ ਉਧੀਰਨ, ਬੌਬੀ ਦਿਓਲ, ਨੂੰ ਜਨਮਦਿਨ ਮੁਬਾਰਕ।”
ਦੱਸਣਯੋਗ ਹੈ ਕਿ ਬੌਬੀ ਦਿਓਲ ਨੇ ਐਨੀਮਲ ‘ਚ ਵੀ ਇੱਕ ਵਿਲੇਨ ਅਬਰਾਰ ਹੱਕ ਦੀ ਭੂਮਿਕਾ ‘ਚ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ। ਫ਼ਿਲਮ ‘ਚ ਉਸ ਦੇ ਖੌਫ਼ਨਾਕ ਲੁੱਕ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਪਰ ਹੁਣ ਕੰਗੂਵਾ ‘ਚ ਉਸ ਦਾ ਇੱਕ ਹੋਰ ਖ਼ਤਰਨਾਕ ਲੁੱਕ ਸਾਹਮਣੇ ਆਇਆ ਹੈ। ਅਜਿਹੇ ‘ਚ ਲੱਗਦਾ ਹੈ ਕਿ ਬੌਬੀ ਕੰਗੂਵਾ ਨਾਲ ਆਪਣੇ ਐਨੀਮਲ ਵਿਲੇਨ ਦੇ ਕਿਰਦਾਰ ਨੂੰ ਮਾਤ ਦੇਵੇਗਾ।