ਪਹਿਲਾ ਲਾਈਵ ਗੀਤ ਗਾਉਣ ਮਗਰੋਂ ਭਾਵੁਕ ਹੋਈ ਪਰਿਨੀਤੀ ਚੋਪੜਾ

ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣਾ ਪਹਿਲਾ ਲਾਈਵ ਗੀਤ ਗਾਇਆ। ਗੀਤ ਗਾਉਣ ਦਾ ਤਜਰਬਾ ਸਾਂਝਾ ਕਰਦਿਆਂ ਉਸ ਨੇ ਕਿਹਾ ਕਿ ਇਹ ਪ੍ਰਦਰਸ਼ਨ ਉਸੇ ਤਰ੍ਹਾਂ ਦਾ ਸੀ ਜਿਸ ਦੀ ਉਹ ਕਾਮਨਾ ਕਰਦੀ ਰਹੀ ਸੀ। ਪਰਿਨੀਤੀ ਨੇ ਇਸ ਸਬੰਧੀ ਇੰਸਟਾਗ੍ਰਾਮ ‘ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ‘ਚ ਉਸ ਨੇ ਕਿਹਾ ਕਿ ਇਹ ਪ੍ਰਦਰਸ਼ਨ ਉਸ ਲਈ ਵਿਸ਼ੇਸ਼ ਸੀ ਕਿਉਂਕਿ ਉਸ ਨੇ ਆਪਣੇ ਸ਼ਹਿਰ ਮੁੰਬਈ ‘ਚ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਸ਼ਬਦਾਂ ਨੂੰ ਟਾਈਪ ਕਰਦਿਆਂ ਮੇਰੀਆਂ ਅੱਖਾਂ ‘ਚ ਖ਼ੁਸ਼ੀ ਦੇ ਹੰਝੂ ਹਨ। ਬੀਤੇ ਕੱਲ੍ਹ ਜੋ ਮੈਂ ਗਾਇਆ ਉਹ ਮੇਰੀ ਪਹਿਲੀ ਲਾਈਵ ਪਰਫ਼ੌਰਮੈਂਸ ਸੀ। ਇਹ ਉਹ ਸਭ ਕੁੱਝ ਸੀ ਜਿਸ ਦੀ ਮੈਂ ਕਾਮਨਾ ਕੀਤੀ ਸੀ। ਤੁਸੀਂ ਸਾਰਿਆਂ ਨੇ ਜੋ ਪਿਆਰ ਦਿਖਾਇਆ ਉਸ ਲਈ ਤੁਹਾਡਾ ਧੰਨਵਾਦ।”
ਗੀਤ ਗਾਉਣ ਤੋਂ ਬਾਅਦ ਉਸ ਨੇ ਕਿਹਾ ਕਿ ਭਵਿੱਖ ‘ਚ ਹੁਣ ਉਸ ਕੋਲ ਦੋ ਕਰੀਅਰ ਹਨ, ਐਕਟਿੰਗ ਅਤੇ ਗਾਇਕੀ। ਪਰਿਨੀਤੀ ਨੇ 2011 ‘ਚ ਫ਼ਿਲਮ ਲੇਡੀਜ਼ ਵਰਸਿਜ਼ ਰਿੱਕੀ ਬਹਿਲ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ। ਪਰਿਨੀਤੀ ਦੀ ਅਗਲੀ ਫ਼ਿਲਮ ਦਲਜੀਤ ਦੁਸਾਂਝ ਨਾਲ ਚਮਕੀਲਾ ਆ ਰਹੀ ਹੈ। ਇਹ ਫ਼ਿਲਮ ਪੰਜਾਬ ਅਤੇ ਇੱਕ ਪੰਜਾਬੀ ਗਾਇਕ ਦੀ ਕਹਾਣੀ ‘ਤੇ ਆਧਾਰਿਤ ਹੈ। ਫ਼ਿਲਮ ‘ਚ ਦਲਜੀਤ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ ਜਦੋਂ ਕਿ ਪਰਿਨੀਤੀ ਨੇ ਉਸ ਦੀ ਸਾਥਣ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਹੈ।