ਟੇਲਰ ਸਵਿਫ਼ਟ ਦੀਆਂ ਡੀਪਫ਼ੇਕ ਅਸ਼ਲੀਲ ਤਸਵੀਰਾਂ ਵਾਇਰਲ ਹੋਣ ਮਗਰੋਂ ਬਣੇਗਾ ਕਾਨੂੰਨ

ਹਾਲ ਹੀ ‘ਚ ਹੌਲੀਵੁਡ ਸਿੰਗਰ ਟੇਲਰ ਸਵਿਫ਼ਟ ਦੀਆਂ ਡੀਪਫ਼ੇਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਟੇਲਰ ਸਵਿਫ਼ਟ ਦੀਆਂ ਡੀਪਫ਼ੇਕ ਤਸਵੀਰਾਂ ਨੇ ਅਮਰੀਕਾ ‘ਚ ਹਲਚਲ ਮਚਾ ਦਿੱਤੀ ਹੈ। ਸਿਆਸਤਦਾਨ ਡੀਪਫ਼ੇਕ ਵਿਰੁੱਧ ਕਾਨੂੰਨ ਦੀ ਮੰਗ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਵੀ ਇਸ ਵਿਰੁੱਧ ਆਵਾਜ਼ ਉਠਾਈ ਹੈ। ਅਮਰੀਕੀ ਸੰਸਦ ਤੇ ਕਾਂਗਰਸ ਦੇ ਨੇਤਾਵਾਂ ਨੇ ਵੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
ਸਵਿਫ਼ਟ ਡੀਪਫ਼ੇਕ
ਦਾ ਹੋਈ ਸ਼ਿਕਾਰ
ਲਵਰ ਦੀ ਗਾਇਕਾ ਟੇਲਰ ਸਵਿਫ਼ਟ ਡੀਪਫ਼ੇਕ ਦਾ ਸ਼ਿਕਾਰ ਹੋ ਗਈ ਹੈ। ਹਾਲ ਹੀ ‘ਚ ਟੇਲਰ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਪਲੈਟਫ਼ੌਰਮ X ‘ਤੇ ਪੋਸਟ ਕੀਤੀਆਂ ਗਈਆਂ ਸਨ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ। ਇਸ ਘਟਨਾ ਤੋਂ ਬਾਅਦ ਗਾਇਕਾ ਦੇ ਪ੍ਰਸ਼ੰਸਕ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਗਾਇਕਾ ਦੇ ਸਮਰਥਨ ‘ਚ ਆਵਾਜ਼ ਬੁਲੰਦ ਕੀਤੀ ਹੈ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾਉਣ ਦੀ ਮੰਗ ਵੀ ਕੀਤੀ। ਉਸ ਤੋਂ ਬਾਅਦ X ਦੀ ਟੀਮ ਨੇ ਕਾਰਵਾਈ ਕਰਦਿਆਂ ਟੇਲਰ ਦੀਆਂ ਸਾਰੀਆਂ ਅਸ਼ਲੀਲ ਤਸਵੀਰਾਂ ਨੂੰ ਹਟਾ ਦਿੱਤਾ।
ਰਾਜਨੇਤਾ ਵੀ ਸਵਿਫ਼ਟ
ਦੇ ਸਮਰਥਨ ‘ਚ
ਸੋਸ਼ਲ ਮੀਡੀਆ ਪਲੈਟਫ਼ੌਰਮ X ਤੋਂ ਗਾਇਕਾ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ, ਪਰ ਵਿਵਾਦ ਉੱਥੇ ਹੀ ਨਹੀਂ ਰੁਕਿਆ। ਇੰਟਰਨੈੱਟ ‘ਤੇ ਸ਼ੁਰੂ ਹੋਈ ਚਰਚਾ ਹੁਣ ਅਮਰੀਕੀ ਸੰਸਦ ਕਾਂਗਰਸ ਤਕ ਪਹੁੰਚ ਗਈ ਹੈ। ਅਮਰੀਕੀ ਨੇਤਾ ਟੇਲਰ ਦਾ ਸਮਰਥਨ ਕਰ ਰਹੇ ਹਨ ਅਤੇ ਇਸ ਤਕਨੀਕ ਦੇ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
ਕੀ ਡੀਪਫ਼ੇਕ ਟੈਕਨਾਲੋਜੀ ਦੇ ਖ਼ਿਲਾਫ਼ ਬਣੇਗਾ ਕਾਨੂੰਨ
ABC News ਅਨੁਸਾਰ ਵ੍ਹਾਈਟ ਹਾਊਸ ਦੇ ਬੁਲਾਰੇ ਕੈਰੀਨ ਜੀਨ-ਪਿਐਰ ਨੇ ਡੀਪਫ਼ੇਕ ਟੈਕਨੌਲੋਜੀ ਖ਼ਿਲਾਫ਼ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਹੈ। ਕੈਰੀਨ ਨੇ ਕਿਹਾ, ”ਅਸੀਂ ਉਨ੍ਹਾਂ ਤਸਵੀਰਾਂ ਦੇ ਪ੍ਰਸਾਰਣ ਦੀਆਂ ਰਿਪੋਰਟਾਂ ਤੋਂ ਪਰੇਸ਼ਾਨ ਹਾਂ। ਇਹ ਚਿੰਤਾਜਨਕ ਹੈ।”ਬੁਲਾਰੇ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਪਲੈਟਫ਼ੌਰਮਜ਼ ਨੂੰ ਇਤਰਾਜ਼ਯੋਗ ਤਸਵੀਰਾਂ ਅਤੇ ਗ਼ਲਤ ਜਾਣਕਾਰੀ ਤੋਂ ਬਚਣ ਲਈ ਸਖ਼ਤ ਨਿਯਮ ਲਾਗੂ ਕਰਨੇ ਚਾਹੀਦੇ ਹਨ।