ਕੁੱਝ ਖ਼ਾਸ ਨਹੀਂ ਕਰ ਪਾਈ ਫ਼ਾਈਟਰ

ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਯਾਨੀ 25 ਜਨਵਰੀ ਨੂੰ ਰਿਲੀਜ਼ ਹੋਈ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ਫ਼ਾਈਟਰ ਬੌਕਸ ਔਫ਼ਿਸ ‘ਤੇ ਆਪਣੇ ਬਜਟ ਦੇ ਹਿਸਾਬ ਨਾਲ ਕੋਈ ਬਹੁਤੀ ਵਧੀਆ ਕਮਾਈ ਨਹੀਂ ਕਰ ਰਹੀ। ਇਸ ਫ਼ਿਲਮ ਨੇ ਪਹਿਲੇ ਦਿਨ ਕਮਾਈ ਦਾ ਕੋਈ ਵੱਡਾ ਅੰਕੜਾ ਦਰਜ ਨਹੀਂ ਕੀਤਾ, ਪਰ ਫ਼ਿਲਮ ਸਮੀਖਿਅਕਾਂ ਵਲੋਂ ਮਿਲੇ ਸਕਾਰਾਤਮਕ ਹੁੰਗਾਰੇ ਤੋਂ ਬਾਅਦ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਜਾ ਰਹੇ ਸਨ।
ਫ਼ਿਲਮ ਨੇ ਪਹਿਲੇ ਦਿਨ ਜਿਥੇ 24.60 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਫ਼ਿਲਮ ਦੀ ਕਮਾਈ ‘ਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਦੂਜੇ ਦਿਨ ਫ਼ਿਲਮ ਨੇ 41.20 ਕਰੋੜ ਰੁਪਏ ਕਮਾਏ ਜਦ ਕਿ ਤੀਜੇ ਦਿਨ ਫ਼ਿਲਮ ਨੇ 27.60 ਤੇ ਚੌਥੇ ਦਿਨ 30.20 ਕਰੋੜ ਰੁਪਏ ਦੀ ਕਮਾਈ ਕੀਤੀ।
ਇਸ ਦੇ ਨਾਲ ਹੀ ਫ਼ਿਲਮ ਦੀ ਕਮਾਈ ਦਾ ਕੁੱਲ ਅੰਕੜਾ 131.10 ਕਰੋੜ ਰੁਪਏ ਹੋ ਗਿਆ ਹੈ। ਦੱਸ ਦੇਈਏ ਕਿ ਫ਼ਾਈਟਰ ਫ਼ਿਲਮ ਦਾ ਬਜਟ 250 ਕਰੋੜ ਰੁਪਏ ਹੈ, ਅਤੇ ਬੌਕਸ ਆਫ਼ਿਸ ‘ਤੇ ਬਜਟ ਨੂੰ ਇੱਕ ਹਫ਼ਤੇ ਅੰਦਰ ਪੂਰਾ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਸੋਮਵਾਰ ਨੂੰ ਫ਼ਾਈਟਰ ਦੀ ਕਮਾਈ ਕੇਵਲ 7.50 ਕਰੋੜ ‘ਤੇ ਆ ਡਿੱਗੀ, ਜੋ ਕਿ ਇੱਕ ਬਹੁਤ ਵੱਡਾ ਨਿਘਾਰ ਸੀ। ਜਦੋਂ ਐਤਵਾਰ ਦੀ ਕੋਲੈਕਸ਼ਨ ਸ਼ਨੀਵਾਰ ਨਾਲੋਂ ਬਹੁਤ ਵੱਧ ਨਹੀਂ ਹੋਈ ਤਾਂ ਨਿਰਮਾਤਾ ਸੋਮਵਾਰ ਦੀ ਕੋਲੈਕਸ਼ਨ ਤੋਂ ਆਸਾਂ ਰੱਖ ਰਹੇ ਸਨ ਕਿਉਂਕਿ ਆਉਣ ਵਾਲੇ ਦਿਨਾਂ ‘ਚ ਕੋਈ ਵੱਡੀ ਫ਼ਿਲਮ ਰਿਲੀਜ਼ ਨਹੀਂ ਸੀ ਹੋ ਰਹੀ ਜਿਸ ਦੇ ਚਲਦਿਆਂ ਫ਼ਿਲਮ ਪ੍ਰਤੀ ਲੋਕਾਂ ਦਾ ਰੁਝਾਨ ਵਧਣਾ ਚਾਹੀਦਾ ਸੀ। ਅਫ਼ਸੋਸ ਅਜਿਹਾ ਨਾ ਹੋਇਆ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ, ਅਨਿਲ ਕਪੂਰ ਅਤੇ ਕਰਨ ਸਿੰਘ ਗਰੋਵਰ ਵਰਗੇ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ।