ਇੰਗਲੈਂਡ ਦੇ ਬੈਜ਼ਬਾਲ ਦਾ ਸਾਹਮਣਾ ਕਰਨ ਲਈ ਸਾਡੇ ਕੋਲ ਹੈ ਵਿਰਾਟਬਾਲ – ਗਵਾਸਕਰ

ਮਿਲਟਨ: ਮਹਾਨ ਖਿਡਾਰੀ ਸੁਨੀਲ ਗਵਾਸਕਰ ਨੇ ਕਿਹਾ ਕਿ ਭਾਰਤ ਕੋਲ ਹੈਦਰਾਬਾਦ ‘ਚ 25 ਜਨਵਰੀ ਤੋਂ ਸ਼ੁਰੂ ਹੋ ਰਹੀ 5 ਮੈਚਾਂ ਦੀ ਟੈੱਸਟ ਸੀਰੀਜ਼ ‘ਚ ਇੰਗਲੈਂਡ ਦੇ ਬੈਜ਼ਬਾਲ ਦਾ ਸਾਹਮਣਾ ਕਰਨ ਲਈ ਵਿਰਾਟਬਾਲ ਹੈ। ਇੰਗਲੈਂਡ ਦੇ ਬੱਲੇਬਾਜ਼ ਹੁਣ ਬਹੁਤ ਹਮਲਾਵਰ ਸ਼ੈਲੀ ‘ਚ ਖੇਡਦੇ ਹਨ ਜੋ ਉਨ੍ਹਾਂ ਦੇ ਮੁੱਖ ਕੋਚ ਬ੍ਰੈਂਡਨ ਮੈਕੱਲਮ ਦੀ ਖੇਡ ਸ਼ੈਲੀ ਦੇ ਅਨੁਸਾਰ ਹੈ। ਗਵਾਸਕਰ ਨੇ ਕਿਹਾ, ”ਵਿਰਾਟ ਕੋਹਲੀ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਹੇ ਹਨ, ਉਨ੍ਹਾਂ ਦੀ ਮੂਵਮੈਂਟ ਚੰਗੀ ਹੈ। ਉਹ ਜਿਸ ਫ਼ੌਰਮ ‘ਚ ਹੈ, ਉਸ ਨੂੰ ਦੇਖਦੇ ਹੋਏ ਸਾਡੇ ਕੋਲ ਬੈਜ਼ਬਾਲ ਦਾ ਮੁਕਾਬਲਾ ਕਰਨ ਲਈ ਵਿਰਾਟਬਾਲ ਹੈ।
ਕੋਹਲੀ ਟੈੱਸਟ ਕ੍ਰਿਕਟ ‘ਚ ਨੌਂ ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੇ ਕਲੱਬ ‘ਚ ਸ਼ਾਮਿਲ ਹੋਣ ਤੋਂ ਸਿਰਫ਼ 152 ਦੌੜਾਂ ਦੂਰ ਹੈ। ਉਹ ਇਸ ਆਗਾਮੀ ਸੀਰੀਜ਼ ‘ਚ ਭਾਰਤ ਲਈ ਮੁੱਖ ਕੜੀ ਹੋਵੇਗਾ। ਉਸ ਦੇ ਨਾਂ 113 ਮੈਚਾਂ ‘ਚ 29 ਅਰਧ ਸੈਂਕੜੇ ਅਤੇ 30 ਸੈਂਕੜੇ ਦਰਜ ਹਨ। ਗਵਾਸਕਰ ਨੇ ਕਿਹਾ, ”ਹਾਂ, ਪਾਰੀ ਨੂੰ ਵਧਾਉਣ ਦਾ ਮਤਲਬ ਅਰਧ ਸੈਂਕੜਿਆਂ ਨਾਲੋਂ ਜ਼ਿਆਦਾ ਸੈਂਕੜੇ ਹੈ। ਕੋਹਲੀ ਦੇ ਕੋਲ ਸੈਂਕੜਿਆਂ ਅਤੇ ਅਰਧ ਸੈਂਕੜਿਆਂ ਦੀ ਗਿਣਤੀ ਇੱਕੋ ਜਿਹੀ ਹੈ ਜਿਸ ਦਾ ਮਤਲਬ ਹੈ ਕਿ ਅਰਧ ਸੈਂਕੜਿਆਂ ਨੂੰ ਸੈਂਕੜਿਆਂ ‘ਚ ਬਦਲਣ ਦੀ ਉਨ੍ਹਾਂ ਦੀ ਰਫ਼ਤਾਰ ਕਾਫ਼ੀ ਚੰਗੀ ਹੈ।”
ਉਨ੍ਹਾਂ ਨੇ ਕਿਹਾ, ”ਇੰਗਲੈਂਡ ਨੇ ਪਿਛਲੇ ਇੱਕ ਜਾਂ ਦੋ ਸਾਲਾਂ ‘ਚ ਟੈੱਸਟ ਕ੍ਰਿਕਟ ‘ਚ ਇੱਕ ਨਵਾਂ ਤਰੀਕਾ (ਬੈਜ਼ਬਾਲ) ਅਪਨਾਇਆ ਹੈ। ਇਹ ਇੱਕ ਬਹੁਤ ਹੀ ਹਮਲਾਵਰ ਪਹੁੰਚ ਹੈ ਜਿਸ ‘ਚ ਬੱਲੇਬਾਜ਼ ਹਮੇਸ਼ਾ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਤ ਭਾਵੇਂ ਕੋਈ ਵੀ ਹੋਣ, ਉਹ ਹਮੇਸ਼ਾ ਹਮਲਾਵਰ ਕ੍ਰਿਕਟ ਖੇਡਣੀ ਪਸੰਦ ਕਰਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਪਹੁੰਚ ਭਾਰਤੀ ਸਪਿਨਰਾਂ ਦੇ ਖ਼ਿਲਾਫ਼ ਕੰਮ ਕਰਦੀ ਹੈ ਜਾਂ ਨਹੀਂ।