ਆਮਿਰ ਦੀ ਪੁੱਤਰੀ ਦੇ ਵਿਆਹ ਸਮਾਗਮ ‘ਚ ਪਤਨੀ ਨਾਲ ਪੁੱਜਾ ਸ਼ਾਹਰੁਖ਼

ਬੌਲੀਵੁਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਆਮਿਰ ਖ਼ਾਨ ਦੀ ਪੁੱਤਰੀ ਇਰਾ ਖ਼ਾਨ ਦੇ ਵਿਆਹ ਸਮਾਗਮ ‘ਚ ਆਪਣੀ ਪਤਨੀ ਗੌਰੀ ਖ਼ਾਨ ਨਾਲ ਸ਼ਿਰਕਤ ਕੀਤੀ। ਸ਼ਾਹਰੁਖ਼ ਅਤੇ ਗੌਰੀ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਾਹਰੁਖ਼ ਅਤੇ ਗੌਰੀ ਸਮਾਗਮ ਦੌਰਾਨ ਆਮਿਰ ਖ਼ਾਨ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇੱਕ PLR ਏਜੰਸੀ ਨੇ ਇੰਸਟਾਗ੍ਰਾਮ ‘ਤੇ ਸ਼ਾਹਰੁਖ਼ ਅਤੇ ਗੌਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਫ਼ਿਲਮ ਚੱਕ ਦੇ ਇੰਡੀਆ ਦੇ ਅਦਾਕਾਰ ਨੇ ਵਿਆਹ ਸਮਾਗਮ ‘ਚ ਸਫ਼ੈਦ ਕਮੀਜ਼ ਨਾਲ ਕਾਲਾ ਸੂਟ ਪਾਇਆ ਹੋਇਆ ਸੀ ਜਿਸ’ਚ ਉਹ ਕਾਫ਼ੀ ਫ਼ੱਬ ਰਿਹਾ ਸੀ। ਗੌਰੀ ਖ਼ਾਨ ਵੀ ਮੈਰੂਨ ਸੂਟ ‘ਚ ਖ਼ੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤੋਂ ਇਲਾਵਾ ਮਸ਼ਹੂਰ ਅਦਾਕਾਰ ਧਰਮਿੰਦਰ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਸਲਮਾਨ ਖ਼ਾਨ ਸਣੇ ਬਹੁਤ ਸਾਰੀਆਂ ਬੌਲੀਵੁਡ ਦੀਆਂ ਕਈ ਹੋਰ ਵੱਡੀਆਂ ਹਸਤੀਆਂ ਨੇ ਵਿਆਹ ਸਮਾਗਮ ‘ਚ ਸ਼ਿਰਕਤ ਕੀਤੀ।
ਕਾਲੇ ਸੂਟ’ਚ ਸਲਮਾਨ ਖ਼ਾਨ ਦੀ ਦਿੱਖ ਵੀ ਮਨਮੋਹਕ ਸੀ। ਅਦਾਕਾਰਾ ਜਯਾ ਬੱਚਨ ਆਪਣੀ ਬੇਟੀ ਸ਼ਵੇਤਾ ਬੱਚਨ ਨਾਲ ਸਮਾਗਮ ‘ਚ ਪਹੁੰਚੀ ਹੋਈ ਸੀ। ਦੋਵਾਂ ਨੇ ਅਦਾਕਾਰਾ ਸੋਨਾਲੀ ਬੇਂਦਰੇ ਨਾਲ ਤਸਵੀਰਾਂ ਖਿੱਚਵਾਈਆਂ। ਮਸ਼ਹੂਰ ਅਦਾਕਾਰਾ ਰੇਖਾ ਤੇ ਸਾਇਰਾ ਬਾਨੋ ਵੀ ਨਵੀਂ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੀਆਂ। ਆਮਿਰ ਖ਼ਾਨ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨੱਬੇ ਦੇ ਦਹਾਕੇ ਵੇਲੇ ਸ਼ਾਹਰੁਖ਼ ਖ਼ਾਨ ਤੇ ਆਮਿਰ ਖ਼ਾਨ ਦੇ ਆਪਸ’ਚ ਮਤਭੇਦ ਸਨ ਜਿਨ੍ਹਾਂ ਕਾਰਨ ਦੋਵੇਂ ਅਦਾਕਾਰਾਂ’ਚ ਗੱਲਬਾਤ ਨਹੀਂ ਸੀ ਹੁੰਦੀ ਅਤੇ ਦੋਵੇਂ ਜਣੇ ਕਿਸੇ ਸਮਾਗਮ ‘ਚ ਇਕੱਠੇ ਜਾਣ ਤੋਂ ਵੀ ਕੰਨੀਂ ਕਤਰਾਉਂਦੇ ਸਨ, ਪਰ ਹੁਣ ਸਮਾਂ ਬਦਲ ਗਿਆ ਹੈ ਤਏ ਦੋਵੇਂ ਪਰਿਵਾਰ ਇੱਕ ਦੂਜੇ ਦੇ ਨੇੜੇ ਆ ਗਏ ਹਨ। ਉਸ ਤੋਂ ਬਾਅਦ ਇਹ ਵਿਵਾਦ ਓਦੋਂ ਹੋਰ ਭਖ ਗਿਆ ਸੀ ਜਦੋਂ ਆਮਿਰ ਖ਼ਾਨ ਨੇ ਆਪਣੇ ਪਾਲਤੂ ਕੁੱਤੇ ਦਾ ਨਾਂ ਸ਼ਾਹਰੁਖ਼ ਰੱਖ ਦਿੱਤਾ। ਇਸ ਮਾਮਲੇ ਨੂੰ ਲੈ ਕੇ ਦੋਵਾਂ ਅਦਾਕਾਰਾਂ ‘ਚ ਸ਼ਬਦੀ ਜੰਗ ਕਾਫ਼ੀ ਸਮਾਂ ਚੱਲੀ ਸੀ।