ਵਿਧਾਨ ਸਭਾ ਚੋਣ ਨਤੀਜਿਆਂ ਨੇ ਕੀਤਾ ਸਾਫ਼, ‘ਮੋਦੀ ਦੀ ਗਾਰੰਟੀ’ ‘ਚ ਦਮ ਹੈ : ਪ੍ਰਧਾਨ ਮੰਤਰੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਿਰੋਧੀ ਦਲਾਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਸੁਆਰਥ ਦੀ ਬਜਾਏ ਸੇਵਾ ਭਾਵ ਨੂੰ ਉੱਪਰ ਰੱਖਿਆ ਹੁੰਦਾ ਤਾਂ ਦੇਸ਼ ਦੀ ਬਹੁਤ ਵੱਡੀ ਆਬਾਦੀ ਮੁਸੀਬਤਾਂ ਅਤੇ ਤਕਲੀਫਾਂ ‘ਚ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਸੰਪੰਨ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ‘ਮੋਦੀ ਦੀ ਗਾਰੰਟੀ’ ‘ਚ ਦਮ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲਾਂ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਕਹੀ। ਉਨ੍ਹਾਂ ਕਿਹਾ,”ਦੇਸ਼ ‘ਚ ਹਾਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਅੱਜ ਵੀ ਬਹੁਤ ਚਰਚਾ ਹੋ ਰਹੀ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਮੋਦੀ ਦੀ ਗਾਰੰਟੀ ‘ਚ ਹੀ ਦਮ ਹੈ। ਮੈਂ ਸਾਰੇ ਵੋਟਰਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੋਦੀ ਦੀ ਗਾਰੰਟੀ ‘ਤੇ ਭਰੋਸਾ ਕੀਤਾ।” ਉਨ੍ਹਾਂ ਕਿਹਾ,”ਜੇਕਰ ਵਿਰੋਧੀ ਦਲਾਂ ਨੇ ਰਾਜਨੀਤਕ ਸੁਆਰਥ ਦੀ ਬਜਾਏ ਸੇਵਾ ਭਾਵ ਨੂੰ ਸਭ ਤੋਂ ਉੱਪਰ ਰੱਖਿਆ ਹੁੰਦਾ, ਸੇਵਾ ਭਾਵ ਨੂੰ ਹੀ ਆਪਣਾ ਕੰਮ ਸਮਝਿਆ ਹੁੰਦਾ ਤਾਂ ਦੇਸ਼ ਦੀ ਬਹੁਤ ਵੱਡੀ ਆਬਾਦੀ ਮੁਸੀਬਤਾਂ ‘ਚ, ਤਕਲੀਫ਼ਾਂ ਨਾ ਰਹਿੰਦੀ।” ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਮਾਧਿਅਮ ਦੱਸਦੇ ਹੋਏ ਕਿਹਾ ਕਿ ਬਹੁਤ ਹੀ ਘੱਟ ਸਮੇਂ ‘ਚ ਹੁਣ ਤੱਕ ਸਵਾ ਕਰੋੜ ਤੋਂ ਵੱਧ ਲੋਕ ‘ਮੋਦੀ ਦੀ ਗਾਰੰਟੀ’ ਵਾਲੀ ਗੱਡੀ ਤੱਕ ਪਹੁੰਚੇ ਹਨ ਅਤੇ ਉਸ ਦਾ ਸੁਆਗਤ ਕੀਤਾ ਹੈ, ਉਸ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਨੂੰ ਸਫ਼ਲ ਬਣਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ,”ਪਹਿਲਾਂ ਜੋ ਭੀਖ ਮੰਗਣ ਦੀ ਮਾਨਸਿਕਤਾ ਸੀ ਉਹ ਹੁਣ ਖ਼ਤਮ ਹੋ ਗਈ ਹੈ। ਸਰਕਾਰ ਨੇ ਲੋੜਵੰਦਾਂ ਦੀ ਪਛਾਣ ਕੀਤੀ ਅਤੇ ਫਿਰ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਕਦਮ ਚੁੱਕੇ। ਇਸੇ ਲਈ ਅੱਜ ਲੋਕ ਕਹਿੰਦੇ ਹਨ- ਮੋਦੀ ਦੀ ਗਾਰੰਟੀ ਦਾ ਮਤਲਬ, ਗਾਰੰਟੀ ਪੂਰੀ ਹੋਣ ਦੀ ਗਾਰੰਟੀ।” ਉਨ੍ਹਾਂ ਕਿਹਾ ਕਿ ‘ਮੋਦੀ ਦੀ ਗਾਰੰਟੀ’ ਗੱਡੀ ਦੇ ਪਹੁੰਚਣ ਤੋਂ ਬਾਅਦ ਲਗਭਗ ਇਕ ਲੱਖ ਨਵੇਂ ਲਾਭਪਾਤਰੀਆਂ ਨੇ ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਲਈ ਅਪਲਾਈ ਕੀਤਾ ਹੈ। ਉਨ੍ਹਾਂ ਕਿਹਾ,”ਇਸ ਯਾਤਰਾ ਦੌਰਾਨ 35 ਲੱਖ ਤੋਂ ਵੱਧ ਆਯੂਸ਼ਮਾਨ ਕਾਰਡ ਵੀ ਮੌਕੇ ‘ਤੇ ਦਿੱਤੇ ਗਏ ਹਨ।” ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਲਗਾਤਾਰ ਕੋਸ਼ਿਸ਼ ਹੈ ਕਿ ਜਦੋਂ ਮੋਦੀ ਦੀ ਗਾਰੰਟੀ ਵਾਲੀ ਗੱਡੀ ਆਵੇ ਤਾਂ ਪਿੰਡ ਦਾ ਹਰ ਵਿਅਕਤੀ ਉਸ ਵਾਹਨ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ, ਤਾਂ ਹੀ ਹਰ ਲਾਭਪਾਤਰੀ ਤੱਕ ਪਹੁੰਚਿਆ ਜਾ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮੋਦੀ ਦੀ ਗਾਰੰਟੀ’ ਵਾਲੀ ਗੱਡੀ ਨੂੰ ਲੈ ਕੇ ਹਰ ਪਿੰਡ ਵਿਚ ਜੋ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਹ ਆਪਣੇ ਆਪ ਵਿਚ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਪਿੰਡਾਂ ਦੇ ਕਰੋੜਾਂ ਪਰਿਵਾਰਾਂ ਨੂੰ ਕੇਂਦਰ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਜ਼ਰੂਰ ਮਿਲਿਆ ਹੈ। ਉਨ੍ਹਾਂ ਕਿਹਾ,”ਅਤੇ ਜਦੋਂ ਇਹ ਲਾਭ ਮਿਲਦਾ ਹੈ ਤਾਂ ਇਕ ਭਰੋਸਾ ਵਧਦਾ ਹੈ। ਜ਼ਿੰਦਗੀ ਜਿਊਂਣ ਦੀ ਇਕ ਨਵੀਂ ਤਾਕਤ ਆ ਜਾਂਦੀ ਹੈ। ਇਸ ਪ੍ਰੋਗਰਾਮ ‘ਚ ਦੇਸ਼ ਭਰ ਤੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਹਜ਼ਾਰਾਂ ਲਾਭਪਾਤਰੀ ਵਰਚੁਅਲ ਰੂਪ ਨਾਲ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਪੂਰੇ ਦੇਸ਼ ‘ਚ 2 ਹਜ਼ਾਰ ਤੋਂ ਵੱਧ ਵੈਨ, ਹਜ਼ਾਰਾਂ ਖੇਤੀਬਾੜੀ ਵਿਗਿਆਨ ਕੇਂਦਰ (ਕੇ.ਵੀ.ਕੇ.) ਅਤੇ ਆਮ ਸੇਵਾ ਕੇਂਦਰ (ਸੀ.ਐੱਸ.ਸੀ.) ਵੀ ਜੁੜੇ। ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਕੇਂਦਰੀ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ।