ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਭਾਰਤ ‘ਚ ਦਾਖ਼ਲ ਹੋਣ ਦੇ ਦੋਸ਼ੀ ਅਮਰੀਕੀ ਨਾਗਰਿਕ ਨੂੰ 2 ਸਾਲ ਦੀ ਸਜ਼ਾ

ਮਹਰਾਜਗੰਜ – ਉੱਤਰ ਪ੍ਰਦੇਸ਼ ਦੇ ਮਹਰਾਜਗੰਜ ਜ਼ਿਲ੍ਹੇ ਦੀ ਇਕ ਸਥਾਨਕ ਅਦਾਲਤ ਨੇ ਇਕ ਅਮਰੀਕੀ ਨਾਗਰਿਕ ਨੂੰ ਫਰਜ਼ੀ ਵੀਜ਼ਾ ਦਸਤਾਵੇਜ਼ਾਂ ਦੇ ਆਧਾਰ ‘ਤੇ ਭਾਰਤ ‘ਚ ਆਉਣ ਦੇ ਦੋਸ਼ ‘ਚ 2 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਅਤੀਸ਼ ਕੁਮਾਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ 29 ਮਾਰਚ 2023 ਨੂੰ ਨੇਪਾਲ ਤੋਂ ਭਾਰਤ ਆ ਰਹੇ 36 ਸਾਲਾ ਅਮਰੀਕੀ ਨਾਗਰਿਕ ਏਰਿਕ ਡੇਨੀਅਲ ਬੇਕਵਿਥ ਨੂੰ ਭਾਰਤ-ਨੇਪਾਲ ਸਰਹੱਦ ਦੇ ਸੋਨੌਲੀ ਇਲਾਕੇ ‘ਚ ਇਮੀਗ੍ਰੇਸ਼ਨ ਵਿਭਾਗ ਨੇ ਰੋਕਿਆ ਸੀ ਅਤੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਜਾਂਚ ‘ਚ ਉਸ ਦਾ ਵੀਜ਼ਾ ਫਰਜ਼ੀ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਮਰੀਕੀ ਨਾਗਰਿਕ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਵਿਦੇਸ਼ੀ ਐਕਟ ਦੀਆਂ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਿੰਘ ਨੇ ਦੱਸਿਆ ਕਿ ਮੁੱਖ ਨਿਆਇਕ ਮੈਜਿਸਟ੍ਰੇਟ ਸੌਰਭ ਸ਼੍ਰੀਵਾਸਤਵ ਦੇ ਬੇਕਵਿਥ ਨੂੰ ਸ਼ੁੱਕਰਵਾਰ ਨੂੰ 2 ਸਾਲ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।