ਫਰੀਦਕੋਟ ‘ਚ CM ਮਾਨ ਬੋਲੇ-ਮੁੱਖ ਮੰਤਰੀ ਦਾ ਮਤਲਬ ਕੁਰਸੀ ‘ਤੇ ਬੈਠਣਾ ਨਹੀਂ ਹੁੰਦਾ

ਫਰੀਦਕੋਟ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਗਮ ‘ਚ ਸ਼ਿਰੱਕਤ ਕੀਤੀ ਗਈ ਅਤੇ ਇਸ ਮੌਕੇ ਫਰੀਦਕੋਟ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਸ ਸਮਾਰੋਹ ਦੌਰਾਨ ਵੱਖ-ਵੱਖ ਵਿਭਾਗਾਂ ‘ਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 10 ਹਜ਼ਾਰ ਉਮੀਦਵਾਰਾਂ ਨੇ ਟੈਸਟ ਦਿੱਤਾ ਸੀ, ਜਿਨ੍ਹਾਂ ‘ਚੋਂ 250 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਇਹ ਟੈਸਟ ਪਾਸ ਨਹੀਂ ਕਰ ਸਕੇ, ਉਨ੍ਹਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਹੈ। ਉਹ ਅਗਲੀ ਵਾਰ ਇਸ ਤੋਂ ਵੀ ਵਧੀਆ ਤਿਆਰੀ ਕਰਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਜਿੱਥੇ ਵੀ ਗਏ ਹਨ, ਤਰੱਕੀਆਂ ਹੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਮਤਲਬ ਕੁਰਸੀ ‘ਤੇ ਬੈਠਣਾ, ਵੱਡੇ ਘਰਾਂ ‘ਚ ਰਹਿਣਾ ਜਾਂ ਸੈਲਿਊਟ ਮਰਵਾਉਣਾ ਨਹੀਂ ਹੁੰਦਾ, ਸਗੋਂ ਇਹ ਦੇਖਣਾ ਹੁੰਦਾ ਹੈ ਕਿ 5 ਸਾਲਾਂ ਅੰਦਰ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਕਿੰਨਾ ਕੁ ਉੱਚਾ ਹੋਇਆ ਹੈ, ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਕਿੰਨੇ ਲੋਕਾਂ ਦੇ ਘਰਾਂ ਦਾ ਆਰਥਿਕ ਸਥਿਤੀ ਬਦਲੀ, ਕਿੰਨੀਆਂ ਫੈਕਟਰੀਆਂ ਆਈਆਂ ਆਦਿ।
ਬੀਤੇ ਦਿਨ ਫਤਿਹਗੜ੍ਹ ਸਾਹਿਬ ਦੇ ਸਾਂਝ ਕੇਂਦਰ ਵਿਖੇ ਕੀਤੇ ਗਏ ਅਚਨਚੇਤ ਦੌਰੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਜਿਹਾ ਕਰਕੇ ਕੋਈ ਛਾਪੇ ਨਹੀਂ ਮਾਰ ਰਿਹਾ, ਸਗੋਂ ਮੈਂ ਸਿਸਟਮ ‘ਚ ਕਮੀਆਂ ਦੇਖਣ ਜਾਂਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਯੂਨੀਵਰਸਿਟੀ ‘ਚ ਮਰੀਜ਼ਾਂ ਦੇ ਨਾਲ ਜੋ ਲੋਕ ਆਉਂਦੇ ਹਨ, ਉਨ੍ਹਾਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ‘ਚ ਰਹਿ ਕੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਮੇਰਾ ਪਰਿਵਾਰ ਹੈ ਅਤੇ ਮੈਂ ਆਪਣੇ ਪਰਿਵਾਰ ਲਈ ਜੀਅ-ਜਾਨ ਨਾਲ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ। ਅਸੀਂ ਪਿੱਜ਼ਾ ਜਾਂ ਹੋਰ ਅਜਿਹੀਆਂ ਚੀਜ਼ਾਂ ਜਿੰਨਾ ਮਰਜ਼ੀ ਖਾ ਲਈਏ ਪਰ ਫਿਰ ਸਾਨੂੰ ਪੀਲੀ ਦਾਲ ਜਾਂ ਹਰੀ ਮੂੰਗੀ ‘ਤੇ ਹੀ ਵਾਪਸ ਆਉਣਾ ਪੈਂਦਾ ਹੈ।