ਨਿਤੀਸ਼ ਕੁਮਾਰ ਦੀ ਹੈਰਾਨ ਕਰਨ ਵਾਲੀ ਕਹਾਣੀ ਜਾਰੀ ਹੈ

ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਗਾਤਾਰ ਅਜਿਹਾ ਵਤੀਰਾ ਅਪਣਾ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਨਹੀਂ, ‘ਇੰਡੀਆ’ ਗਠਜੋੜ ਦੇ ਸਹਿਯੋਗੀ ਵੀ ਚਿੰਤਤ ਹਨ।
ਔਰਤਾਂ ਦੀ ਸਿੱਖਿਆ ਅਤੇ ਆਬਾਦੀ ’ਤੇ ਕੰਟਰੋਲ ਬਾਰੇ ਪਿਛਲੇ ਮਹੀਨੇ ਸੂਬਾਈ ਵਿਧਾਨ ਸਭਾ ‘ਚ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੇ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਮਨਮੌਜੀ ਵਾਲੇ ਵਤੀਰੇ ਨੂੰ ਬੇਨਕਾਬ ਕਰ ਦਿੱਤਾ, ਪਰ ਨਿਤੀਸ਼ ਦੇ ਭੁਲੱਕੜ ਵਤੀਰੇ ਦੀਆਂ ਕਹਾਣੀਆਂ ਹੋਰ ਵੀ ਹਨ।
ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਮੰਨੇ ਜਾਂਦੇ ਨਿਤੀਸ਼ ਕੁਮਾਰ ਹੁਣ ਪਛੜ ਰਹੇ ਹਨ। ਜਨਤਕ ਸਟੇਜਾਂ ’ਤੇ ਵੀ ਉਹ ਭੁਲੱਕੜ ਬਣ ਗਏ ਹਨ। ਅਪੁਸ਼ਟ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ ਹਾਲ ਹੀ ਵਿੱਚ ਆਪਣੇ ਕੈਬਨਿਟ ਸਹਿਯੋਗੀ ਅਸ਼ੋਕ ਚੌਧਰੀ ਦੇ ਸਵਰਗੀ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਗਏ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਬਜਾਏ ਨਿਤੀਸ਼ ਕੁਮਾਰ ਨੇ ਚੌਧਰੀ ਨੂੰ ਹੀ ਫੁੱਲਾਂ ਦਾ ਹਾਰ ਪਹਿਨਾ ਦਿੱਤਾ, ਜਿਸ ਕਾਰਨ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਮੌਜੂਦ ਹੋਰ ਲੋਕਾਂ ਨੂੰ ਸ਼ਰਮਿੰਦਗੀ ਉਠਾਉਣੀ ਪਈ।
ਇਸ ਤੋਂ ਪਹਿਲਾਂ ਵੀ ਉਹ ਇੱਕ ਹੋਰ ਪਾਰਟੀ ਵਰਕਰ ਦੇ ਘਰ ਚਾਹ ਪੀਣ ਗਏ ਸਨ। 30 ਮਿੰਟਾਂ ਬਾਅਦ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਕਹਿਣ ਲੱਗੇ ਕਿ ਮੈਂ ਚਾਹ ਤਾਂ ਪੀਤੀ ਹੀ ਨਹੀਂ ਜਦ ਕਿ ਉਨ੍ਹਾਂ ਚਾਹ ਪੀਤੀ ਸੀ। ਸੂਤਰਾਂ ਦਾ ਦਾਅਵਾ ਹੈ ਕਿ ਨਿਤੀਸ਼ ਕੁਮਾਰ ’ਤੇ ਉਮਰ ਤੇਜ਼ੀ ਨਾਲ ਭਾਰੂ ਹੋ ਰਹੀ ਹੈ। ਸੰਭਵ ਹੈ ਕਿ ਉਨ੍ਹਾਂ ਨੂੰ ਕੋਈ ਨਿਊਰੋ ਸਮੱਸਿਆ ਹੋਵੇ ਜੋ ਹੌਲੀ-ਹੌਲੀ ਵਧ ਰਹੀ ਹੈ।
ਨਿਤੀਸ਼ ਦੀ ਉਮਰ 72 ਸਾਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਸਬੰਧ ਉਮਰ ਦੇ ਨਾਲ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਹੋ ਸਕਦਾ ਹੈ। ਉਂਝ ਉਹ ਗਾਂਧੀ ਪਰਿਵਾਰ ਨੂੰ ਖੁਸ਼ ਰੱਖਣ ਲਈ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਪ੍ਰਦਰਸ਼ਨ ਦੀ ਇਸ ਉਮੀਦ ਨਾਲ ਸ਼ਲਾਘਾ ਕਰ ਰਹੇ ਹਨ ਕਿ ਪਾਰਟੀ ਉਨ੍ਹਾਂ ਨੂੰ ਕਿਸੇ ਉੱਚ ਅਹੁਦੇ ਲਈ ਸਮਰਥਨ ਦੇ ਸਕਦੀ ਹੈ।