ਚੱਕਰਵਾਤੀ ਤੂਫ਼ਾਨ ‘ਮਿਚੌਂਗ’ ਦਾ ਕਹਿਰ, ਤਾਮਿਲਨਾਡੂ CM ਨੇ ਕੇਂਦਰ ਤੋਂ ਮੰਗਿਆ ਰਾਹਤ ਪੈਕਜ

ਚੇਨਈ- ਚੱਕਰਵਾਤੀ ਤੂਫ਼ਾਨ ਮਿਚੌਂਗ ਨਾਲ ਹੋਏ ਨੁਕਸਾਨ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨੇ ਕੇਂਦਰ ਤੋਂ 5,060 ਕਰੋੜ ਰੁਪਏ ਦੀ ਰਾਹਤ ਪੈਕਜ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਕੁੱਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਇਕ ਸਰਵੇ ਕੀਤਾ ਜਾ ਰਿਹਾ ਹੈ। ਇਕ ਵਿਸਥਾਰਪੂਰਵਕ ਰਿਪੋਰਟ ਬਾਅਦ ‘ਚ ਤਿਆਰ ਕੀਤੀ ਜਾਵੇਗੀ ਅਤੇ ਵਾਧੂ ਰਾਸ਼ੀ ਦੀ ਮੰਗ ਕੀਤੀ ਜਾਵੇਗੀ।
ਇਸ ਰਿਪੋਰਟ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ 5,060 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਇਹ ਚਿੱਠੀ ਦ੍ਰਵਿੜ ਮਨੇੁਤਰ ਕਸ਼ਗਮ (DMK) ਸੰਸਦ ਮੈਂਬਰ ਟੀ. ਆਰ. ਬਾਲੂ ਵਲੋਂ ਪ੍ਰਧਾਨ ਮੰਤਰੀ ਨੂੰ ਸੌਂਪੀ ਜਾਵੇਗੀ।
ਸਟਾਲਿਨ ਨੇ ਚਿੱਠੀ ‘ਚ ਚੇਨਈ, ਤਿਰੂਵਲੁਰ, ਕਾਂਚੀਪੁਰਮ ਅਤੇ ਚੇਂਗਲਪੇਟ ਦੇ ਉੱਤਰੀ ਜ਼ਿਲ੍ਹਿਆਂ ‘ਚ ਚੱਕਰਵਾਤ ਕਾਰਨ ਮੋਹਲੇਧਾਰ ਮੀਂਹ ਪੈਣ ਕਾਰਨ ਹੋਏ ਨੁਕਸਾਨ ਦਾ ਵੇਰਵਾ ਦਿੱਤਾ ਹੈ। ਇੱਥੇ ਸੜਕਾਂ, ਪੁਲਾਂ, ਜਨਤਕ ਭਵਨਾਂ ਵਰਗੇ ਬੁਨਿਆਂਦੀ ਢਾਂਚਿਆਂ ਨੂੰ ਬਹੁਤ ਨੁਕਸਾਨ ਪੁੱਜਾ ਹੈ। ਤੂਫ਼ਾਨ ਕਾਰਨ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ।