ਲਾਰੈਂਸ ਗੈਂਗ ਖਿਲਾਫ਼ ED ਦਾ ਸ਼ਿਕੰਜਾ; ਹਰਿਆਣਾ ਅਤੇ ਰਾਜਸਥਾਨ ‘ਚ 13 ਟਿਕਾਣਿਆਂ ‘ਤੇ ਮਾਰੇ ਛਾਪੇ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ‘ਚ ਮੰਗਲਵਾਰ ਨੂੰ ਹਰਿਆਣਾ ਅਤੇ ਰਾਜਸਥਾਨ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਜਾਂਚ ‘ਚ ਦੋਹਾਂ ਸੂਬਿਆਂ ਵਿਚ ਕਰੀਬ 13 ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ।
ਅਜੇ ਜੇਲ੍ਹ ‘ਚ ਬੰਦ ਬਿਸ਼ਨੋਈ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਦੋਸ਼ੀਆਂ ਵਿਚੋਂ ਇਕ ਹੈ। ਦੱਸ ਦੇਈਏ ਕਿ NIAਨੇ ਗੈਂਗਸਟਰ ਖਿਲਾਫ਼ FIR ਦਰਜ ਕੀਤੀਆਂ ਹਨ ਅਤੇ ਦੋਸ਼ ਪੱਤਰ ਦਾਖ਼ਲ ਕੀਤੇ ਹਨ। ਈਡੀ ਨੇ ਇਨ੍ਹਾਂ FIR ਅਤੇ ਦੋਸ਼ ਪੱਤਰਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਦਰਅਸਲ ਈਡੀ ਨੇ ਮਨੀ ਲਾਂਡਰਿੰਗ ਵਿਚ ਸ਼ਾਮਲ ਗੈਂਗਸਟਰਾਂ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਈਡੀ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਨਾਲ ਜੁੜੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕਰ ਰਹੀ ਹੈ।
ਈਡੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਕਿ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਮੈਂਬਰ ਭਾਰਤ ‘ਚ ਵਸੂਲੀ, ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਕੈਨੇਡਾ ਅਤੇ ਹੋਰ ਦੇਸ਼ਾਂ ‘ਚ ਇਕੱਠੇ ਕੀਤੇ ਗਏ ਪੈਸੇ ਨੂੰ ਖਾਲਿਸਤਾਨ ਸਮਰਥਕਾਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਸਨ। ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਬਿਸ਼ਨੋਈ 2014 ਤੋਂ ਜੇਲ੍ਹ ‘ਚ ਬੰਦ ਹੈ। ਉਸ ਨੂੰ ਰਾਜਸਥਾਨ ਪੁਲਸ ਨਾਲ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਸ਼ਨੋਈ ਨੂੰ 2021 ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਲਿਆਂਦਾ ਗਿਆ ਸੀ। ਬਾਅਦ ‘ਚ 14 ਜੂਨ, 2022 ਨੂੰ ਉਸ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਪੰਜਾਬ ਲਿਜਾਇਆ ਗਿਆ।
ਵੱਖ-ਵੱਖ ਪੁਲਸ ਏਜੰਸੀਆਂ ਮਾਮਲਿਆਂ ਦੇ ਸਬੰਧ ‘ਚ ਬਿਸ਼ਨੋਈ ਨੂੰ ਹਿਰਾਸਤ ‘ਚ ਲੈਂਦੀਆਂ ਰਹੀਆਂ ਹਨ। NIA ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਿਸ਼ਨੋਈ ਦੀ ਅਗਵਾਈ ‘ਚ ਇਕ ਅੱਤਵਾਦੀ, ਗੈਂਗਸਟਰ ਅਤੇ ਨਸ਼ਾ ਤਸਕਰੀ ਕਰਨ ਵਾਲਾ ਗੈਂਗ ਕਈ ਕਤਲ ਕਰਨ ਅਤੇ ਡਾਕਟਰਾਂ ਸਮੇਤ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਤੋਂ ਜਬਰਦਸਤੀ ਵਸੂਲੀ ਕਰਨ ‘ਚ ਸ਼ਾਮਲ ਹੈ ਅਤੇ ਇਸ ਨਾਲ ਲੋਕਾਂ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।