‘ਡੀਪਫੇਕ ਤਕਨਾਲੋਜੀ ਦੀ ਦੁਰਵਰਤੋਂ ਖਤਰਨਾਕ : ਮੁਰਮੂ

ਨਾਗਪੁਰ, – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਥੇ ਇਕ ਹੋਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਰਹੀ ਹੈ, ਉਥੇ ਹੀ ਡੀਪਫੇਕ ਬਣਾਉਣ ਲਈ ਇਸ ਦੀ ਦੁਰਵਰਤੋਂ ਸਮਾਜ ਲਈ ਖ਼ਤਰਾ ਪੈਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਤਕਨਾਲੋਜੀ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਸ ਨਾਲ ਸਮਾਜ ਨੂੰ ਲਾਭ ਹੋਵੇਗਾ, ਪਰ ਇਸਦੀ ਦੁਰਵਰਤੋਂ ਨਾਲ ਮਨੁੱਖਤਾ ’ਤੇ ਅਸਰ ਪਵੇਗਾ। ਮੁਰਮੂ ਨੇ ਕਿਹਾ ਕਿ ਕੁੜੀਆਂ ਦੀ ਸਿੱਖਿਆ ਵਿਚ ਨਿਵੇਸ਼ ਦੇਸ਼ ਦੀ ਤਰੱਕੀ ਵਿਚ ਵਡਮੁੱਲਾ ਨਿਵੇਸ਼ ਹੈ। ਰਾਸ਼ਟਰਪਤੀ ਨੇ ਰਾਸ਼ਟਰਸੰਤ ਤੁਕਡੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ ਦੀ 111ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਹਰੇਕ ਨੌਜਵਾਨ ਤਕਨਾਲੋਜੀ ਨੂੰ ਸਮਝਦਾ ਵੀ ਹੈ ਅਤੇ ਉਸਦੀ ਵਰਤੋਂ ਵੀ ਕਰਦਾ ਹੈ। ਕਿਸੇ ਵੀ ਸੋਮੇ ਦੀ ਸਹੀ ਵਰਤੋਂ ਵੀ ਹੋ ਸਕਦੀ ਹੈ ਅਤੇ ਦੁਰਵਰਤੋਂ ਵੀ। ਇਹੋ ਗੱਲ ਤਕਨਾਲੋਜੀ ਨਾਲ ਵੀ ਸੱਚ ਹੈ। ਜੇਕਰ ਇਸਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਮਾਜ ਅਤੇ ਦੇਸ਼ ਨੂੰ ਲਾਭ ਹੋਵੇਗਾ, ਪਰ ਜੇਕਰ ਇਸਦੀ ਦੁਰਵਰਤੋਂ ਹੋਈ, ਤਾਂ ਇਸਦਾ ਅਸਰ ਮਨੁੱਖਤਾ ’ਤੇ ਪਵੇਗਾ।