ਲਗਾਨ ‘ਚ ਕੰਮ ਨਾ ਕਰ ਸਕਣ ਦਾ ਅਫ਼ਸੋਸ ਹੈ ਰਾਣੀ ਨੂੰ

ਰਾਣੀ ਮੁਖਰਜੀ ਲੰਬੇ ਸਮੇਂ ਤੋਂ ਭਾਰਤੀ ਫ਼ਿਲਮ ਇੰਡਸਟਰੀ ‘ਚ ਕੰਮ ਕਰ ਰਹੀ ਹੈ। ਰਾਣੀ ਨੇ ਰੋਮੈਂਟਿਕ ਫ਼ਿਲਮ ਹਮ-ਤੁਮ ਤੋਂ ਲੈ ਕੇ ਪੁਲੀਸ ਅਫ਼ਸਰ ਦੇ ਕਿਰਦਾਰ ਵਾਲੀ ਮਰਦਾਨੀ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਰਾਣੀ ਨੇ ਗੋਆ ‘ਚ ਹੋਏ 54ਵੇਂ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (IFFA) ‘ਚ ਕਰਵਾਏ ਗਏ ਇੱਕ ਸੈਸ਼ਨ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਇਸ ਨੂੰ ਆਪਣੀ ਬਦਕਿਸਮਤੀ ਸਮਝਦੀ ਹੈ ਕਿ ਉਹ ਆਮਿਰ ਖ਼ਾਨ ਦੀ ਫ਼ਿਲਮ ਲਗਾਨ ਦਾ ਹਿੱਸਾ ਨਹੀਂ ਬਣ ਸਕੀ।
ਰਾਣੀ ਨੇ ਦੱਸਿਆ ਕਿ ਆਮਿਰ ਨੇ ਇਸ ਫ਼ਿਲਮ ਲਈ ਉਸ ਨੂੰ ਫ਼ੋਨ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਫ਼ਿਲਮ ਦਾ ਨਿਰਮਾਣ ਉਹ ਆਪਣੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਅਤੇ ਉਸ ਨੂੰ ਛੇ ਮਹੀਨਿਆਂ ਲਈ ਸਾਰੇ ਅਦਾਕਾਰ ਇੱਕੋ ਥਾਂ ‘ਤੇ ਚਾਹੀਦੇ ਹਨ। ਰਾਣੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਲਗਾਨ ਸਬੰਧੀ ਫ਼ੋਨ ਆਉਣ ਤੋਂ ਪਹਿਲਾਂ ਉਹ ਇੱਕ ਹੋਰ ਫ਼ਿਲਮ ਲਈ ਹਾਮੀ ਭਰ ਚੁੱਕੀ ਸੀ ਅਤੇ ਉਸ ਦੇ ਨਿਰਮਾਤਾ ਨੇ ਉਸ ਨੂੰ ਬੇਨਤੀ ਕਰਨ ਦੇ ਬਾਵਜੂਦ ਫ਼ਿਲਮ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜੋ ਕਿ ਬਹੁਤ ਦੁਖਦਾਈ ਸੀ।
ਆਸ਼ੂਤੋਸ਼ ਗੋਵਾਰੀਕਰ ਦੇ ਨਿਰਦੇਸ਼ਨ ਹੇਠ ਬਣੀ ਲਗਾਨ ਇੱਕ ਵੱਡੀ ਹਿੱਟ ਫ਼ਿਲਮ ਸਾਬਿਤ ਹੋਈ ਸੀ। ਰਾਣੀ ਨੂੰ ਅਫ਼ਸੋਸ ਹੈ ਕਿ ਉਹ ਲਗਾਨ ਫ਼ਿਲਮ ‘ਚ ਅਦਾਕਾਰੀ ਨਹੀਂ ਸੀ ਕਰ ਸਕੀ।