ਔਸਕਰ ਮਿਲਿਆ ਤਾਂ ਫ਼ੌਜ ਨੂੰ ਕਰਾਂਗਾ ਸਮਰਪਿਤ – ਵਿਕੀ ਕੌਸ਼ਲ

ਅਦਾਕਾਰ ਵਿਕੀ ਕੌਸ਼ਲ ਨੇ ਕਿਹਾ ਕਿ ਜੇ ਉਸ ਦੀ ਆਉਣ ਵਾਲੀ ਫ਼ਿਲਮ ਸੈਮ ਬਹਾਦੁਰ ਲਈ ਔਸਕਰ ਐਵਾਰਡ ਮਿਲਿਆ ਤਾਂ ਉਹ ਉਸ ਨੂੰ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦੇਵੇਗਾ। ਇਹ ਫ਼ਿਲਮ ਮਹਾਨ ਫ਼ੀਲਡ ਮਾਰਸ਼ਲ ਸੈਮ ਮਾਨਿਕਸ਼ਾਹ ਦੇ ਜੀਵਨ ‘ਤੇ ਆਧਾਰਿਤ ਹੈ। ਫ਼ਿਲਮ ‘ਚ ਵਿਕੀ ਨਾਲ ਫ਼ਾਤਿਮਾ ਸਨਾ ਸ਼ੇਖ਼ ਅਤੇ ਸਾਨੀਆ ਮਲਹੋਤਰਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੀਆਂ। ਵਿਕੀ ਕੌਸ਼ਲ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਹੈ। ਉਸ ਨੂੰ ਹਾਲ ਹੀ ‘ਚ ਉਸ ਦੇ ਪ੍ਰਸ਼ੰਸਕ ਨੇ ਪੁੱਛਿਆ, ”ਜੇ ਸੈਮ ਬਹਾਦੁਰ ਨੂੰ ਔਸਕਰ ਜਾਂ ਫ਼ਿਲਮਫ਼ੇਅਰ ਐਵਾਰਡ ਮਿਲਦਾ ਹੈ ਤਾਂ ਤੁਸੀਂ ਇਹ ਕਿਸ ਨੂੰ ਸਮਰਪਿਤ ਕਰੋਗੇ? ”ਇਸ ਦੇ ਜਵਾਬ ‘ਚ ਅਦਾਕਾਰ ਨੇ ਕਿਹਾ ਕਿ ਉਹ ਆਪਣਾ ਐਵਾਰਡ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦੇਵੇਗਾ।
ਇਸੇ ਤਰ੍ਹਾਂ ਇੱਕ ਹੋਰ ਪ੍ਰਸ਼ੰਸਕ ਨੇ ਉਸ ਨੂੰ ਸੈਮ ਦੇ ਕਿਰਦਾਰ ਬਾਰੇ ਪੁੱਛਿਆ ਤਾਂ ਵਿਕੀ ਨੇ ਕਿਹਾ, ”ਰੱਬ ਦਾ ਬੰਦਾ ਹੈ ਉਹ, ਸਭ ਦਾ ਬੰਦਾ ਹੈ।” ਜ਼ਿਕਰਯੋਗ ਹੈ ਮੇਘਨਾ ਗ਼ੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ RSVP Movies ਨੇ ਕੀਤਾ ਹੈ। ਫ਼ਿਲਮ ਪਹਿਲੀ ਦਸੰਬਰ ਨੂੰ ਰਿਲੀਜ਼ ਹੋਵੇਗੀ।