ਸੁਰੰਗ ‘ਚੋਂ 17 ਦਿਨਾਂ ਬਾਅਦ ਬਾਹਰ ਕੱਢੇ ਗਏ 41 ਮਜ਼ਦੂਰਾਂ ਲਈ CM ਧਾਮੀ ਦਾ ਵੱਡਾ ਐਲਾਨ

ਦੇਹਰਾਦੂਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਦੇਰ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਲਕਿਆਰਾ ਸੁਰੰਗ ‘ਚ ਫਸੇ ਸਾਰੇ ਮਜ਼ਦੂਰਾਂ ਨੂੰ ਸਰਕਾਰ ਇਕ-ਇਕ ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ। ਉਨ੍ਹਾਂ ਨੇ ਇਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹਸਪਤਾਲ ‘ਚ ਇਲਾਜ ਅਤੇ ਘਰ ਜਾਣ ਤੱਕ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ।
ਧਾਮੀ ਨੇ ਕਿਹਾ ਕਿ ਸੁਰੰਗ ‘ਚ ਫਸੇ ਸਾਰੇ ਮਜ਼ਦੂਰਾਂ ਨੂੰ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਹੈ। ਹਸਪਤਾਲ ‘ਚ ਇਲਾਜ ‘ਤੇ ਹੋਣ ਵਾਲੇ ਖਰਚ ਦਾ ਵਹਿਨ ਸਰਕਾਰ ਕਰੇਗੀ। ਇਨ੍ਹਾਂ ਤੋਂ ਇਲਾਵਾ ਪਰਿਵਾਰ ਵਾਲਿਆਂ ਅਤੇ ਮਜ਼ਦੂਰਾਂ ਦੇ ਖਾਣੇ, ਰਹਿਣ ਦੀ ਵਿਵਸਥਆ ਸਰਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸਿਹਤਮੰਦ ਹੋਣ ‘ਤੇ ਸਰਕਾਰ ਵਲੋਂ ਇਕ-ਇਕ ਲੱਖ ਰੁਪਏ ਦੇ ਚੈੱਕ ਬਤੌਰ ਆਰਥਿਕ ਮਦਦ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਘਰ ਜਾਣ ਤੱਕ ਦਾ ਪੂਰਾ ਖਰਚ ਵੀ ਸਰਕਾਰ ਵਹਿਨ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਦੀਆਂ ਕੰਪਨੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਇਨ੍ਹਾਂ ਨੂੰ 15 ਜਾਂ 30 ਦਿਨਾਂ ਲਈ ਬਿਨਾਂ ਤਨਖਾਹ ਕੱਟੇ ਛੁੱਟੀ ਵੀ ਦਿੱਤੀ ਜਾਵੇ।