PM ਮੋਦੀ ਦੋ ਦਿਨਾਂ ਦੌਰੇ ‘ਤੇ ਜਾਣਗੇ ਦੁਬਈ, ਜਲਵਾਯੂ ਪਰਿਵਰਤਨ ਸਿਖਰ ਸੰਮੇਲਨ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਯੂ ਪਰਿਵਰਤਨ ‘ਤੇ ਗਲੋਬਲ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਇਸ ਹਫਤੇ ਦੁਬਈ ਦੇ ਦੋ ਦਿਨਾਂ ਦੌਰੇ ‘ਤੇ ਹੋਣਗੇ। ਇਹ ਸੰਮੇਲਨ ਉਤਸਰਜਨ (ਨਿਕਾਸ) ਨੂੰ ਘਟਾਉਣ ਅਤੇ ਜਲਵਾਯੂ ਨਾਲ ਸਬੰਧਤ ਘਟਨਾਵਾਂ ਨਾਲ ਨਜਿੱਠਣ ‘ਚ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ। ਵਿਦੇਸ਼ ਮੰਤਰਾਲੇ (MEA) ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਜਲਵਾਯੂ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ 30 ਨਵੰਬਰ ਅਤੇ 1 ਦਸੰਬਰ ਨੂੰ ਦੁਬਈ ‘ਚ ਹੋਣਗੇ। ਇਹ ਜਲਵਾਯੂ ਬਾਰੇ ਸੰਯੁਕਤ ਰਾਸ਼ਟਰ ਦੀ ‘ਕਾਨਫਰੰਸ ਆਫ਼ ਪਾਰਟੀਜ਼’ 28ਵੀਂ ਮੀਟਿੰਗ ਦਾ ਹਿੱਸਾ ਹੈ, ਇਸ ਲਈ ਇਸ ਨੂੰ ਸੀ. ਓ. ਪੀ28 ਦਾ ਨਾਮ ਦਿੱਤਾ ਗਿਆ ਹੈ।
ਕਈ ਗਲੋਬਲ ਨੇਤਾ ਜਲਵਾਯੂ ਐਕਸ਼ਨ ਸਿਖਰ ਸੰਮੇਲਨ ਦੌਰਾਨ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਤਬਦੀਲੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਤਰੀਕਿਆਂ ‘ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਮੇਲਨ ‘ਚ ਭਾਰਤ ਦੇ ਮਹੱਤਵਪੂਰਨ ਜਲਵਾਯੂ ਏਜੰਡੇ ਅਤੇ ਸਬੰਧਤ ਮੁੱਦਿਆਂ ਨੂੰ ਉਜਾਗਰ ਕਰਨ ਦੀ ਉਮੀਦ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਜਲਵਾਯੂ ਐਕਸ਼ਨ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦੇ ਸੱਦੇ ‘ਤੇ 30 ਨਵੰਬਰ ਤੋਂ 1 ਦਸੰਬਰ ਤੱਕ ਦੁਬਈ, ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਗੇ। UAE ਦੀ ਪ੍ਰਧਾਨਗੀ ਵਿਚ 28 ਨਵੰਬਰ ਤੋਂ 12 ਦਸੰਬਰ ਤੱਕ COP28 ਦਾ ਆਯੋਜਨ ਕੀਤਾ ਜਾਵੇਗਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ COP28 ਜਲਵਾਯੂ ਪਰਿਵਰਤਨ ਦੀ ਸਾਂਝਾ ਚੁਣੌਤੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਸਮੂਹਿਕ ਕਾਰਵਾਈ ਨੂੰ ਗਤੀ ਦੇਣ ਦਾ ਇਕ ਵਿਲੱਖਣ ਮੌਕਾ ਹੈ।