ਉੱਤਰਕਾਸ਼ੀ ਸੁਰੰਗ ਹਾਦਸਾ: ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਫ਼ੌਜ ਨੇ ਸੰਭਾਲਿਆ ਮੋਰਚਾ

ਦੇਹਰਾਦੂਨ- ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ ਦੇ ਅੰਦਰ ਮਜ਼ਦੂਰਾਂ ਨੂੰ ਫਸੇ ਹੋਏ 15 ਦਿਨ ਬੀਤ ਗਏ ਹਨ। ਆਗਰ ਮਸ਼ੀਨ ਦਾ ਬਲੇਡ ਟੁੱਟਣ ਮਗਰੋਂ ਰੈਸਕਿਊ ਆਪ੍ਰੇਸ਼ਨ ‘ਚ ਮੁਸ਼ਕਲ ਆਈ। ਹੁਣ ਭਾਰਤੀ ਫ਼ੌਜ ਨੇ ਖ਼ੁਦ ਮੋਰਚਾ ਸੰਭਾਲ ਲਿਆ ਹੈ। ਮੈਨੁਅਲ ਡ੍ਰਿਲਿੰਗ ਦੇ ਕੰਮ ਵਿਚ ਭਾਰਤੀ ਫ਼ੌਜ ਦੀ ਇੰਜੀਨੀਅਰਿੰਗ ਕੋਰ ਮਦਦ ਕਰੇਗੀ। ਆਰਮੀ ਦੀ ਇੰਜੀਨੀਅਰਿੰਗ ਰੈਜੀਮੈਂਟ ਮਦਰਾਸ ਇੰਜੀਨੀਅਰ ਗਰੁੱਪ ਦੀ ਇਕ ਟੁੱਕੜੀ ਸਿਲਕਿਆਰਾ ਪਹੁੰਚ ਗਈ ਹੈ, ਜੋ ਕਿ ਇੱਥੇ ਮੈਨੁਅਲ ਡ੍ਰਿਲਿੰਗ ਦਾ ਜ਼ਿੰਮਾ ਸੰਭਾਲੇਗੀ।
ਉੱਤਰਾਕਾਸ਼ੀ ਦੇ ਸਿਲਕਿਆਰਾ ਸੁਰੰਗ ਵਿਚ ਮੈਨੁਅਲ ਡ੍ਰਿਲਿੰਗ ਲਈ ਫ਼ੌਜ ਦੇ ਕੋਰ ਆਫ਼ ਇੰਜੀਨੀਅਰਜ਼ ਦੀ ਯੂਨਿਟ ਨੂੰ ਬੁਲਾਇਆ ਗਿਆ ਹੈ। ਰੈਸਕਿਊ ਆਪ੍ਰੇਸ਼ਨ ਵਿਚ ਤੇਜ਼ੀ ਲਿਆਉਣ ਲਈ ਇੰਜੀਨੀਅਰ ਰੈਜ਼ੀਮੈਂਟ ਦੇ 30 ਜਵਾਨ ਮੌਕੇ ‘ਤੇ ਪਹੁੰਚ ਗਏ ਹਨ। ਮੈਨੁਅਲ ਡ੍ਰਿਲਿੰਗ ਕਰਨ ਲਈ ਭਾਰਤੀ ਫ਼ੌਜ, ਉੱਥੇ ਸਥਾਨਕ ਨਾਗਰਿਕਾਂ ਨਾਲ ਮਿਲ ਕੇ ਹਥੌੜੇ ਅਤੇ ਛੈਨੀ ਵਰਗੇ ਹਥਿਆਰਾਂ ਨਾਲ ਸੁਰੰਗ ਅੰਦਰ ਖੋਦਾਈ ਕਰੇਗੀ। ਇਸ ਮਗਰੋਂ ਪਾਈਪ ਨੂੰ ਅੰਦਰ ਬਣੇ ਪਲੇਟਫਾਰਮ ਨਾਲ ਅੱਗੇ ਵਧਾਇਆ ਜਾਵੇਗਾ।
ਸੁਰੰਗ ਵਿਚ ਫਸੇ ਹੋਏ 41 ਮਜ਼ਦੂਰਾਂ ਦੇ ਬਚਾਅ ਲਈ ਰਸਤਾ ਬਣਾਇਆ ਜਾਣ ਲੱਗਾ ਹੈ। ਇਸ ਲਈ ਵਰਟੀਕਲ ਡ੍ਰਿਲਿੰਗ ਸ਼ੁਰੂ ਹੋ ਗਈ ਹੈ। ਫਸੇ ਹੋਂ ਮਜ਼ਦੂਰਾਂ ਤੱਕ ਪਹੁੰਚਣ ਲਈ 86 ਮੀਟਰ ਖੋਦਾਈ ਦੀ ਜ਼ਰੂਰਤ ਹੈ। 15 ਮੀਟਰ ਡ੍ਰਿਲਿੰਗ ਪਹਿਲਾਂ ਹੀ ਹੋ ਚੁੱਕੀ ਹੈ। ਸੁਰੰਗ ਅੰਦਰ 41 ਮਜ਼ਦੂਰ ਸੁਰੱਖਿਅਤ ਅਤੇ ਸਥਿਰ ਹਨ। ਪਲਾਜ਼ਮਾ ਕਟਰ ਪਹੁੰਚ ਗਿਆ ਹੈ ਅਤੇ ਪਾਈਪ ਲਾਈਨ ਵਿਚ ਫਸੀ ਮਸ਼ੀਨ ਨੂੰ ਕੱਟਣਾ ਸ਼ੁਰੂ ਕੀਤਾ।