ਇੱਕ ਸੁੱਚੇ ਰਤਨ ਨੂੰ ਯਾਦ ਕਰਦਿਆਂ

ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
ਇਹ ਗੱਲ ਪੱਚੀ ਸਾਲ ਤੋਂ ਵੀ ਪੁਰਾਣੀ ਹੈ, ਪਟਿਆਲੇ ਸ਼ੇਰਾਂ ਵਾਲੇ ਗੇਟ ਭਾਸ਼ਾ ਵਿਭਾਗ ‘ਚ ਮੈਂ ਅਧਪੱਕਾ ਮਾਲੀ ਲੱਗਿਆ ਹੋਇਆ ਸਾਂ ਓਦੋਂ। ਇੱਕ ਦੁਪਿਹਰ, ਖੋਜ ਅਫ਼ਸਰ ਧਰਮ ਕੰਮੇਆਣਾ ਕੰਟੀਨ ‘ਚ ਚਾਹ ਪੀਂਦਿਆਂ ਆਪਣੇ ਨਾਲ ਬੈਠੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੂੰ ਦੱਸ ਰਹੇ ਸਨ ਕਿ ਹੁਣੇ ਜਿਹੇ ਪਟਿਆਲੇ ਦਾ ਕਮਿਸ਼ਨਰ ਨ੍ਰਿਪਇੰਦਰ ਸਿੰਘ ਰਤਨ IAS ਲੱਗਿਆ ਹੈ, ਉਹ ਚੰਗਾ ਲਿਖਾਰੀ ਹੈ, ਬੜਾ ਨੇਕ ਅਫ਼ਸਰ ਅਤੇ ਵਧੀਆ ਬੰਦਾ ਹੈ। ਲਾਗੇ ਬੈਠੇ ਨੇ ਮੈਂ ਸੁਣ ਲਿਆ ਸੀ। ਵੈਸੇ ਮੈਂ ਰਤਨ ਜੀ ਦਾ ਨਾਂ ਇੱਕ ਲੇਖਕ ਵਜੋਂ ਕਿਧਰੇ ਪਹਿਲਾਂ ਵੀ ਪੜ੍ਹਿਆ-ਸੁਣਿਆ ਹੋਇਆ ਸੀ। ਦੂਸਰੇ ਦਿਨ ਮੈਂ ਰਤਨ ਜੀ ਦੇ ਨਾਂਓ ਇੱਕ ਚਿੱਠੀ ਲਿਖੀ ਅਤੇ ਲਿਫ਼ਾਫ਼ੇ ‘ਚ ਬੰਦ ਕੀਤੀ, ਸਾਈਕਲ ਉਤੇ ਚੜਿਆ ਅਤੇ ਰਤਨ ਜੀ ਦੇ ਦਫ਼ਤਰ ‘ਚ ਚਿੱਠੀ ਦੇ ਆਇਆ। ਮੇਰੀ ਕਿੱਥੇ ਔਕਾਤ ਸੀ ਕਿ ਇੱਕ ਸਰਕਾਰੀ ਦਫ਼ਤਰ ਦਾ ਕੱਚਾ ਮਾਲੀ ਪਟਿਆਲੇ ਦੇ ਡਿਵਿਯਨ ਕਮਿਸ਼ਨਰ ਨੂੰ ਜਾ ਕੇ ਮਿਲਦਾ। ਚਿੱਠੀ ‘ਚ ਮੈਂ ਇਹ ਵੀ ਲਿਖਿਆ ਸੀ ਕਿ ਆਪ ਦੀ ਕੋਈ ਕਿਤਾਬ ਪੜ੍ਹਨ ਨੂੰ ਮਿਲ ਜਾਏ ਤਾਂ ਕਿੰਨਾ ਚੰਗਾ ਹੋਵੇਗਾ!
ਦੋ ਕੁ ਦਿਨ ਬੀਤੇ, ਕਮਿਸ਼ਨਰ ਦਫ਼ਤਰ ਦਾ ਇੱਕ ਮੁਲਾਜ਼ਮ ਸਾਡੇ ਦਫ਼ਤਰ ਆਇਆ ਅਤੇ ਮੇਰੇ ਨਾਂ ਦਾ ਇੱਕ ਪੈਕਟ ਦੇ ਗਿਆ। ਮੈਂ ਦਫ਼ਤਰ ਵਿੱਚ ਨਹੀਂ ਸੀ। ਮੇਰੇ ਇੰਚਾਰਜ ਅਫ਼ਸਰ ਛੋਟੂ ਰਾਮ ਮੌਦਗਿਲ ਦੀ ਮੇਜ ‘ਤੇ ਪਿਆ ਪੈਕਟ ਮੈਂ ਓਦੋਂ ਦੇਖਿਆ ਜਦੋਂ ਸਵੇਰੇ ਆਣ ਕੇ ਉਨਾਂ ਦੀ ਮੇਜ਼ ਸਾਫ਼ ਕਰ ਰਿਹਾ ਸਾਂ। ਮੇਜ਼ ਸਾਫ਼ ਕਰਨਾ ਛੱਡ ਕੇ, ਉਥੇ ਖੜ੍ਹੇ ਖੜ੍ਹੇ ਬੜੇ ਹੀ ਉਤਸ਼ਾਹ ਨਾਲ ਪੈਕਟ ਖੋਲ੍ਹਿਆ, ਰਤਨ ਜੀ ਦੇ ਖ਼ੂਬਸੂਰਤ ਸਰਕਾਰੀ ਲੈਟਰ ਪੈਡ ‘ਤੇ ਟਾਈਪ ਕੀਤੇ ਸ਼ਬਦ ਇਓਂ ਸਨ, ”ਪਿਆਰੇ ਨਿੰਦਰ ਜੀ, ਆਪ ਦਾ ਸਨੇਹ ਭਰਿਆ ਖ਼ਤ ਪੜ੍ਹ ਕੇ ਪ੍ਰਸੰਨਤਾ ਹੋਈ ਹੈ, ਆਪਣੀਆਂ ਦੋ ਪੁਸਤਕਾਂ ਹਾਜ਼ਰ ਕਰ ਰਿਹਾ ਹਾਂ। ਕਿਸੇ ਦਿਨ ਦਫ਼ਤਰ ਆਣਾ, ਚਾਹ ਦਾ ਪਿਆਲਾ ਸਾਂਝਾ ਕਰਾਂਗੇ।” ਕਿਤਾਬਾਂ ‘ਤੇ ਵੀ ਉਨਾਂ ਦੇ ਦਸਤਖ਼ਤ ਸਨ ਅਤੇ ਬੜੇ ਪਿਆਰ ਨਾਲ ਭੇਂਟ ਲਿਖਿਆ ਹੋਇਆ ਸੀ।
ਖ਼ਤ ਪੜ੍ਹ ਕੇ ਅਤੇ ਪੁਸਤਕਾਂ ਲੈ ਕੇ ਮੈਂ ਹੌਸਲੇ ‘ਚ ਹੋ ਗਿਆ ਕਿ ਹੁਣ ਨੀ ਆਪਾਂ ਲਈਦੇ ਕਿਸੇ ਤੋਂ, ਹੁਣ ਤ- ਸਿੱਧੀ ਕਮਿਸ਼ਨਰ ਸਾਹਿਬ ਨਾਲ ਜਾਣ ਪਛਾਣ ਹੋ ਗਈ ਹੈ ਆਪਣੀ। ਖ਼ੈਰ, ਕੁਝ ਦਿਨਾਂ ‘ਚ ਹੀ ਦੋਵੇਂ ਪੁਸਤਕਾਂ ਪੜ੍ਹ ਲਈਆਂ। ਉਸ ਵੇਲੇ ਤੀਕ ਮੋਬਾਈਲ ਫ਼ੋਨ ਹਾਲੇ ਨਹੀ ਸੀ ਜੰਮੇ, ਉਨ੍ਹਾਂ ਦੀ ਚਿੱਠੀ ‘ਚੋਂ ਦਫ਼ਤਰ ਦਾ ਲੈਂਡ ਲਾਈਨ ਫ਼ੋਨ ਨੰਬਰ ਲੈ ਕੇ ਆਪਣੇ ਅਫ਼ਸਰ ਮੌਦਗਿਲ ਜੀ ਦੀ ਗ਼ੈਰਹਾਜਰੀ ‘ਚ ਉਨਾਂ ਦੀ ਟੇਬਲ ਤੋਂ ਹੀ ਰਤਨ ਜੀ ਨੂੰ ਫ਼ੋਨ ਕਰ ਦਿੱਤਾ। ਉਹ ਮੇਰੀ ਆਵਾਜ਼ ਸੁਣ ਕੇ ਬੜੇ ਖ਼ੁਸ਼ ਹੋਏ। ਆਖਣ ਲੱਗੇ ਕਿ ਅੱਜ ਠੀਕ ਸਾਢੇ ਚਾਰ ਵਜੇ ਦਫ਼ਤਰ ਆ ਜਾਣਾ, ਮਿਲਦੇ ਆਂ, ਚਾਹ ਪੀਂਦੇ ਹਾਂ। ਰਤਨ ਜੀ ਦੀ ਆਵਾਜ਼ ਠਹਿਰੀ ਹੋਈ ਅਤੇ ਨਿਘਾਸ ਭਰੀ ਸੀ। ਸੰਖੇਪ ਜਿਹੀ ਗੱਲ ‘ਚ ਸਲੀਕਾ ਅੰਤਾਂ ਦਾ ਸੀ।
ਆਪਣੇ ਦਫ਼ਤਰ ਕਿਸੇ ਨੂੰ ਨਹੀ ਦੱਸਿਆ ਕਿ ਮੈਂ ਕਮਿਸ਼ਨਰ ਸਾਹਿਬ ਕੋਲ ਜਾ ਰਿਹਾ ਹਾਂ। ਅੱਜ ਪਹਿਲੀ ਵਾਰ ਕਿਸੇ ਕਮਿਸ਼ਨਰ ਨੂੰ ਮਿਲਣਾ ਸੀ, ਮੂੰਹ ਹੱਥ ਧੋ ਕੇ ਸਿਰ ਦੇ ਵਾਲ ਵਾਹੇ। ਮਾਲੀ ਵਾਲੇ ਕੱਪੜੇ ਲਾਹੇ ਅਤੇ ਸੋਹਣੇ ਕੱਪੜੇ ਪਾਏ। ਘੱਸੀਆਂ ਚੱਪਲਾਂ ਲਾਹੀਆਂ ਅਤੇ ਫ਼ੀਤਿਆਂ ਵਾਲੇ ਬੂਟ ਪਾਏ। ਆਪਣੀਆਂ ਦੋ ਕਿਤਾਬਾਂ ਤੂੰਬੀ ਦੇ ਵਾਰਿਸ ਅਤੇ ਗੋਧਾ ਅਰਦਲੀ ਇੱਕ ਖ਼ਾਕੀ ਲਿਫ਼ਾਫ਼ੇ ‘ਚ ਪਾਈਆਂ (ਓਦੋਂ ਤਕ ਇਹ ਦੋ ਕਿਤਾਬਾਂ ਹੀ ਛਪੀਆ ਸਨ)। ਸਾਈਕਲ ਨਹੀਂ ਚੁੱਕਿਆ ਅਤੇ ਪੈਦਲ ਹੀ ਚੱਲ ਪਿਆ।
ਬਾਰਾਂਦਰੀ ‘ਚ ਦਫ਼ਤਰ ਸੀ। ਲਾਲ ਬੱਤੀਆਂ ਵਾਲੀਆਂ ਗੱਡੀਆਂ ਅਤੇ ਪੁਲੀਸ ਦੀਆਂ ਜਿਪਸੀਆਂ ਖੜ੍ਹੀਆਂ ਸਨ। ਕਮਿਸ਼ਨਰ ਸਾਹਿਬ ਨੂੰ ਮਿਲਣ- ਗਿਲਣ ਵਾਲੇ ਲੋਕ ਆ ਆ ਕੇ ਮਿਲ ਰਹੇ ਸਨ। ਦਫ਼ਤਰੀ ਬਾਬੂ ਫ਼ਾਈਲਾਂ ਚੁੱਕੀ ਏਧਰ-ਓਧਰ ਭੱਜੇ ਫ਼ਿਰਦੇ ਸਨ। ਜੂਨੀਅਰ ਅਫ਼ਸਰ ਵੇਟਿੰਗ ਰੂਮ ‘ਚ ਬੈਠੇ ਕਮਿਸ਼ਨਰ ਰਤਨ ਜੀ ਨੂੰ ਮਿਲਣ ਦੀ ਉਡੀਕ ਕਰ ਰਹੇ ਸਨ। ਉਨਾਂ ਦੇ ਸੇਵਾਦਾਰ ਨੇ ਮੈਨੂੰ ਵੀ ਉਥੇ ਬਿਠਾ ਦਿੱਤਾ ਅਤੇ ਪਾਣੀ ਦਾ ਇੱਕ ਗਿਲਾਸ ਦੇ ਗਿਆ। ਰਤਨ ਜੀ ਦੇ ਦਫ਼ਤਰ ਦੀ ਸੁਰੀਲੀ ਜਿਹੀ ਘੰਟੀ ਬਾਰ-ਬਾਰ ਖੜਕ ਰਹੀ ਸੀ, ਪਰ ਉਹ ਬਹੁਤ ਰੁੱਝੇ ਹੋਏ ਲਗਦੇ ਸਨ। ਸੋਚ ਰਿਹਾ ਸਾਂ ਕਿ ਪਤਾ ਨਹੀ ਕਿਵੇਂ ਮਿਲਣਗੇ, ਖਵਰੈ ਹੁਣ ਨਾ ਹੀ ਮਿਲਣ … ਜੇ ਮੈਂ ਨਾ ਆਉਂਦਾ ਤਾਂ ਚੰਗਾ ਹੀ ਸੀ ਜਾਂ ਕਿਸੇ ਦਿਨ ਫ਼ੇਰ ਆ ਜਾਂਦਾ। ਇਓਂ ਤਾਂ ਫ਼ਿਰ ਕੀ ਹੁੰਦੈ, ਉਨਾਂ ਨੇ ਆਪ ਹੀ ਵਕਤ ਦਿੱਤਾ ਹੈ, ਉਹ ਵੀ ਬੜੇ ਪਿਆਰ ਨਾਲ, ਸੋ ਹੁਣ ਮਿਲ ਕੇ ਹੀ ਜਾਵਾਂਗਾ। ਅੱਧੇ ਘੰਟੇ ਬਾਅਦ ਮੇਰੀ ਵਾਰੀ ਆ ਗਈ। ਕਮਰੇ ‘ਚ ਵੜ ਕੇ ਅਤੇ ਝੁਕ ਕੇ ਸਤਿ ਸ੍ਰੀ ਅਕਾਲ ਆਖਦਿਆਂ ਰਤਨ ਜੀ ਨੂੰ ਆਖਿਆ, ”ਸਰ, ਮੈਂ ਨਿੰਦਰ ਆਂ ਜੀ।” ਉਹ ਉਠ ਖਲੋਏ, ”ਆਓ, ਆਓ, ਨਿੰਦਰ ਪਿਆਰੇ, ਮੈਂ ਪੜ੍ਹਿਆ ਹੈ ਆਪ ਦਾ ਨਾਂ ਅਖ਼ਬਾਰਾਂ ਵਿੱਚ, ਆਓ ਬੈਠੋ, ”ਗਰਮਜੋਸ਼ੀ ਨਾਲ ਹੱਥ ਮਿਲਾਉਂਦਿਆਂ ਉਹ ਬੋਲੇ। ਨਿੱਕੀਆਂ ਨਿੱਕੀਆਂ ਗੱਲਾਂ ਪੁੱਛਣ-ਦੱਸਣ ਲੱਗੇ। ਚਾਹ ਆ ਗਈ, ਬਰਫ਼ੀ ਨਾਲ। ਦਸ ਕੁ ਮਿੰਟ ਦੀ ਗੱਲਬਾਤ ਤੋਂ ਬਾਅਦ, ਜੋ ਸ਼ਬਦ ਉਨ੍ਹਾਂ ਨੇ ਆਖੇ, ਉਹ ਇਓਂ ਸਨ, ”ਛੋਟੇ ਪਿਆਰੇ, ਲਗਾਤਾਰ ਲਿਖਦੇ ਪੜ੍ਹਦੇ ਰਹਿਣਾ, ਮੇਹਨਤ ਕਰਨੀ ਨਹੀਂ ਛੱਡਣੀ, ਮੈਂ ਆਪ ਦੀ ਪੱਕੀ ਨੌਕਰੀ ਬਾਰੇ ਕੁਝ ਕਰਾਂਗਾ, ਆਪ ਦੇ ਡਾਇਰਕੈਟਰ ਸਾਹਬ ਨੂੰ ਵੀ ਆਖਾਂਗਾ, ਕੋਈ ਦਿਨ ਆਏਗਾ, ਆਪ ਦੀ ਮੇਹਨਤ ਦਾ ਮੁੱਲ ਪਏਗਾ, ਵੱਡੇ ਬੰਦੇ ਬਣੋਗੇ, ਬਹੁਤ ਬਹੁਤ ਸ਼ੁਭ ਇਛਾਵਾਂ ਤੇਰੇ ਲਈ ਡੀਅਰ ਨਿੰਦਰ, ਮਿਲਦੇ-ਗਿਲਦੇ ਰਹਿਣਾ, ਬਾਏ ਬਾਏ।”
ਮੈਂ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਦਫ਼ਤਰ ਵੱਲ ਨੂੰ ਤੁਰਿਆ ਆ ਰਿਹਾ ਸਾਂ।
***
ਪਟਿਆਲੇ ਦੀ ਆਪਣੀ ਕਮਿਸ਼ਨਰ ਵਾਲੀ ਨਿਯੁਕਤੀ ਬਾਅਦ ਰਤਨ ਜੀ ਬੜੇ ਉਚ ਅਹੁਦਿਆਂ ‘ਤੇ ਰਹੇ। ਉਹਨਾਂ ਨੂੰ ਮੈਂ ਹਰ ਵੇਲੇ, ਹਰ ਥਾਂ ਮਿਲਦਾ ਅਤੇ ਸੰਪਰਕ ‘ਚ ਰਿਹਾ। ਉਹ ਅਕਸਰ ਪੋਸਟ ਕਾਰਡ ਲਿਖਿਆ ਕਰਦੇ ਸਨ। ਉਹ ਮੇਰੇ ਭਾਸ਼ਾ ਵਿਭਾਗ ਦੇ ਮਾਲੀਪੁਣੇ ਦੇ ਸਫ਼ਰ ਅਤੇ ਉਸ ਤੋਂ ਵੀ ਪਹਿਲਾਂ ਜੱਜ ਦੇ ਅਰਦਲੀ ਦੇ ਸਫ਼ਰ ਦੇ ਗਵਾਹ ਰਹੇ। ਪਟਿਆਲੇ ਵਾਲੀ ਫ਼ੇਰੀ ਉਹ ਕਦੇ ਨਾ ਭੁੱਲੇ। ਚੰਡੀਗੜ੍ਹ ਦੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਸੰਧੂ ਸਨ। ਉਨਾਂ ਨੇ ਪੀਪਲਜ਼ ਕਨਵੈਨਸ਼ਨ ਸੈਂਟਰ ‘ਚ ਮੇਰਾ ਇੱਕ ਰੂਬਰੂ ਰੱਖਿਆ ਅਤੇ ਕਾਲੇ ਕੋਟ ਦਾ ਦਰਦ ਕਿਤਾਬ ਰਿਲੀਜ਼ ਕਰਵਾਈ, ਮੁੱਖ ਮਹਿਮਾਨ ਰਤਨ ਜੀ ਸਨ। ਸਮਾਗਮ ਖ਼ੂਬ ਭਰਿਆ। ਆਖਣ ਲੱਗੇ, ”ਨਿੰਦਰ, ਅੱਜ ਤੇਰੇ ਸਮਾਗਮ ‘ਚ ਓਹ ਗੱਲ ਯਾਦ ਰਖ ਕੇ ਆਇਆਂ ਕਿ ਜਿਸ ਦਿਨ ਮੋਹਾਲੀ ਰਮਾ (ਰਤਨ ਜੀ ਦੀ ਭੈਣ ਰਮਾ ਰਤਨ) ਨੇ ਤੇਰਾ ਸਮਾਗਮ ਰੱਖਿਆ ਸੀ, ਮੈਂ ਘਰੋਂ ਤੁਰਨ ਲੱਗਿਆ ਸਾਂ ਤਾਂ ਇੱਕ ਅਜਿਹਾ ਸੱਜਣ ਬੂਹੇ ‘ਚ ਆਇਆ ਖਲੋਤਾ ਕਿ ਉਸ ਨੂੰ ਟਾਲ ਨਾ ਸਕਿਆ ਉਸ ਨੂੰ, ਪਰ ਉਸ ਦਿਨ ਤੇਰਾ ਸਮਾਗਮ ਟਾਲਣਾ ਪਿਆ। ਅਜ ਮੈਂ ਧਾਰ ਕੇ ਆਇਆ ਆਂ ਕਿ ਨਿੰਦਰ ਦੇ ਸਮਾਗਮ ‘ਚ ਜਾਣਾ ਹੀ ਜਾਣਾ ਹੈ, ਚਾਹੇ ਕੁਝ ਵੀ ਹੋ ਜਾਏ।”
ਉਸ ਸਮਾਗਮ ‘ਚ ਉਨਾਂ ਪ੍ਰਧਾਨਗੀ ਭਾਸ਼ਣ ਦਿੰਦਿਆਂ ਆਖਿਆ ਸੀ ਕਿ ਪਟਿਆਲੇ ਮਾਲੀ ਲੱਗਣ ਵੇਲੇ ਨਿੰਦਰ ਦੇ ਚਿਹਰੇ ਦੀ ਉਹ ਧੂੜ ਵੀ ਮੈਂ ਤੱਕੀ ਹੋਈ ਹੈ ਅਤੇ ਅਜ ਇਹਦੇ ਨਿੱਖਰੇ ਚਿਹਰੇ ਦੀ ਚਮਕ ਨੂੰ ਵੀ ਨਿਹਾਰ ਰਿਹਾਂ। ਇਹ ਸੁਣ ਬਹੁਤ ਤਾੜੀਆਂ ਵੱਜੀਆਂ।
***
ਏਨੇ ਸਾਲਾਂ ਬਾਅਦ, 2018 ‘ਚ ਜਦ ਮੈਂ ਚੰਡੀਗੜ ਪੰਜਾਬ ਆਰਟਸ ਕੌਂਸਲ ‘ਚ ਸੈਕਟਰ ਸੋਲਾਂ ਪੰਜਾਬ ਕਲਾ ਭਵਨ ਵਿਖੇ ਮੀਡੀਆ ਇੰਚਾਰਜ ਆ ਲੱਗਿਆ ਤਾਂ ਰਤਨ ਜੀ ਨਾਲ ਸਾਹਿਤਕ ਸਮਾਰੋਹਾਂ ‘ਚ ਮੇਲ- ਜੋਲ ਹੁੰਦਾ ਰਹਿੰਦਾ। ਇੱਕ ਸਮਾਗਮ ‘ਚ ਰਤਨ ਜੀ ਆਪਣੇ ਸਮਕਾਲੀ ਅਤੇ ਸਾਬਕਾ IAS ਜੰਗ ਬਹਾਦੁਰ ਗੋਇਲ ਨਾਲ ਦਫ਼ਤਰ ਆਏ। ਮੈਂ ਆਪਣੇ ਕਮਰੇ ‘ਚ ਬੈਠਾ ਸਾਂ। ਉਠ ਕੇ ਦੋਵਾਂ ਦਾ ਸਵਾਗਤ ਕੀਤਾ। ਦੋਵੇਂ ਮੇਰੇ ਸਾਹਮਣੇ ਬੈਠੇ ਹੋਏ ਸਨ। ਰਤਨ ਜੀ ਬੋਲੇ, ”ਅੱਜ ਦਾ ਨਿੰਦਰ ਅਤੇ ਉਹ ਪਟਿਆਲੇ ਭਾਸ਼ਾ ਵਿਭਾਗ ਵਾਲਾ ਨਿੰਦਰ, ਬੇਟਾ ਕੋਈ ਫ਼ਰਕ ਨਹੀ ਪਿਆ ਤੇਰੇ ਸੁਭਾਅ ਅਤੇ ਵਿਵਹਾਰ ‘ਚ। ਅਜ ਸਾਲਾਂ ਦੇ ਸਾਲ ਬੀਤ ਗਏ ਨੇ, ਪਰ ਮੈਨੂੰ ਉਹ ਨਿੰਦਰ ਕਦੀ ਨਹੀਂ ਭੁਲਦਾ ਜੋ ਪਹਿਲੀ ਵਾਰ ਪਟਿਆਲੇ ਮੇਰੇ ਦਫ਼ਤਰ ਮਿਲਿਆ ਸੀ। ਤੂੰ ਤਾਂ ਓਹੋ ਜਿਹਾ ਹੀ ਏਂ ਪਰ ਹੁਣ ਅੱਗੇ ਨਾਲੋਂ ਨਿੱਖਰ ਜ਼ਰੂਰ ਗਿਆ ਏਂ ਬੇਟਾ ਅਤੇ ਕੰਮ ਵੀ ਬਹੁਤ ਕੀਤਾ ਏ ਤੂੰ।”
”ਸਰ, ਆਪ ਦੀ ਉਸ ਸਮੇਂ ਦਿੱਤੀ ਹੱਲਾਸ਼ੇਰੀ ਕਦੇ ਭੁਲਾਈ ਨਹੀਂ ਮੈਂ। ਸਰ, ਮੇਰੀ ਔਕਾਤ ਅਤੇ ਹੈਸੀਅਤ ਕੱਖ ਵੀ ਨਹੀਂ, ਆਪ ਜੀ ਸਾਡੇ ਦੋ ਸਿਰਮੌਰ ਕਲਮਕਾਰ ਹੋ, ਅਤੇ ਦੋਵੇਂ ਸਾਡੇ ਪੰਜਾਬ ਦੇ ਸੀਨੀਅਰ IAS ਹੋ, ਮੇਰੇ ਸਾਹਮਣੇ ਬੈਠੇ ਹੋਏ ਓ, ਏਸ ਤੋਂ ਵੱਡਾ ਸਨਮਾਨ ਮੇਰੇ ਵਾਸਤੇ ਕੀ ਹੋ ਸਕਦਾ ਏ, ਸਰ! ”
ਮੇਰੇ ਸੇਵਾਦਾਰ ਨੇ ਉਸ ਸਮੇਂ ਦੀ ਇੱਕ ਫ਼ੋਟੋ ਵੀ ਖਿੱਚੀ ਸੀ ਜੋ ਕਿ ਮੇਰੇ ਵਾਸਤੇ ਯਾਦਗਾਰੀ ਇੱਕ ਯਾਦਗਾਰੀ ਫ਼ੋਟੋ ਹੈ।
(ਲੰਬੇ ਸ਼ਬਦ ਚਿਤਰ ‘ਚੋਂ ਕੁਝ ਹਿੱਸਾ)