ਤਰਨਤਾਰਨ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਦਿਨ ਮੋਬਾਇਲ, ਨਸ਼ੀਲੇ ਪਦਾਰਥ ਅਤੇ ਹੋਰ ਸਮੱਗਰੀ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਦੀ ਇਕ ਹੋਰ ਮਿਸਾਲ ਉਸ ਵੇਲੇ ਮਿਲੀ ਜਦੋਂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਗੈਂਗਸਟਰ ਅਰਸ਼ਦ ਖ਼ਾਨ ਪਾਸੋਂ ਜੇਲ੍ਹ ਪ੍ਰਸ਼ਾਸਨ ਨੇ ਇਕ ਮੋਬਾਇਲ ਸਮੇਤ ਸਿਮ ਬਰਾਮਦ ਕੀਤਾ ਹੈ।
ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਬਰਾਮਦ ਕੀਤੇ ਮੋਬਾਇਲ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਅੰਦਰੋਂ ਉਕਤ ਗੈਂਗਸਟਰ ਪਾਸੋਂ ਤੀਸਰੀ ਵਾਰ ਮੋਬਾਇਲ ਬਰਾਮਦ ਕੀਤੇ ਜਾਣ ਦੌਰਾਨ ਜੇਲ੍ਹ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਸੁਖਵਿੰਦਰ ਰਾਮ ਵੱਲੋਂ ਜੇਲ੍ਹ ਅੰਦਰ ਸ਼ੁਰੂ ਕੀਤੇ ਗਏ ਅਚਾਨਕ ਤਲਾਸ਼ੀ ਮੁਹਿੰਮ ਦੌਰਾਨ ਹਾਈ ਸਕਿਓਰਟੀ ਜ਼ੋਨ ਨੰਬਰ 3 ਦੇ 2 ਬਲਾਕ-ਸੀ ’ਚੋ ਅਰਸ਼ਦ ਖ਼ਾਨ ਉਰਫ ਅਰਸ਼ਦੀਆ ਪੁੱਤਰ ਰਜ਼ਾਕ ਖਾਨ ਵਾਸੀ ਬੁਕਾਲਸਰ ਬਾਸ, ਵਾਰਡ ਨੰਬਰ 31, ਸਰਦਾਰ ਸ਼ਹਿਰ, ਚੁਰੂ ਰਾਜਸਥਾਨ ਪਾਸੋਂ ਇਕ ਨਾਰਜੋ ਕੰਪਨੀ ਦਾ ਟੱਚ ਸਕ੍ਰੀਨ ਮੋਬਾਇਲ ਸਮੇਤ ਸਿਮ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਮੁਲਜ਼ਮ ਇਸ ਮੋਬਾਇਲ ਤੋਂ ਵਿਦੇਸ਼ ਕਾਲ ਕਰਦਾ ਸੀ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਦੇ ਬਿਆਨਾਂ ਹੇਠ ਅਰਸ਼ਦ ਖਾਨ ਉਰਫ ਅਰਸ਼ਦੀਆ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।