ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਨਾਲ ਲੱਗਦੇ ਸ਼ਹਿਰਾਂ ਵਿਚ ਸੋਮਵਾਰ ਨੂੰ ਹਵਾ ਗੁਣਵੱਤਾ ਫਿਰ ਤੋਂ ਖਰਾਬ ਹੋ ਗਈ। ਨਿਗਰਾਨੀ ਏਜੰਸੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਇਸ ਤੋਂ ਕੋਈ ਵੱਡੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੋਮਵਾਰ ਦੀ ਸਵੇਰ ਨੂੰ 8 ਵਜੇ ਹਵਾ ਗੁਣਵੱਤਾ ਸੂਚਕਾਂਕ (AQI) 338 ਸੀ, ਜੋ ਐਤਵਾਰ ਨੂੰ ਸ਼ਾਮ 4 ਵਜੇ 301 ਦਰਜ ਕੀਤਾ ਗਿਆ ਸੀ। ਪਿਛਲੇ 24 ਘੰਟਿਆਂ ਦਾ ਔਸਤ AQI ਰੋਜ਼ਾਨਾ ਸ਼ਾਮ 4 ਵਜੇ ਦਰਜ ਕੀਤਾ ਜਾਂਦਾ ਹੈ, ਜੋ ਸ਼ਨੀਵਾਰ ਨੂੰ 319, ਸ਼ੁੱਕਰਵਾਰ ਨੂੰ 405 ਅਤੇ ਵੀਰਵਾਰ ਨੂੰ 419 ਰਿਹਾ ਸੀ। ਗੁਆਂਢੀ ਗਾਜ਼ੀਆਬਾਦ ‘ਚ AQI 306, ਗੁਰੂਗ੍ਰਾਮ ‘ਚ 239, ਗ੍ਰੇਟਰ ਨੋਇਡਾ 288, ਨੋਇਡਾ ‘ਚ 308 ਅਤੇ ਫਰੀਦਾਬਾਦ ‘ਚ 302 AQI ਰਿਹਾ।
ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਦਿੱਲੀ-NCR (ਰਾਸ਼ਟਰੀ ਰਾਜਧਾਨੀ ਖੇਤਰ) ਵਿਚ ਅਨੁਕੂਲ ਹਵਾ ਦੀ ਗਤੀ ਕਾਰਨ ਹਵਾ ਗੁਣਵੱਤਾ ‘ਚ ਸੁਧਾਰ ਮਗਰੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਚੌਥੇ ਪੜਾਅ ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ। ਦਿੱਲੀ-NCR ਤੋਂ ਸਾਰੇ ਐਮਰਜੈਂਸੀ ਕਦਮਾਂ ਨੂੰ ਰੱਦ ਕਰਨ ਦਾ ਹੁਕਮ ਦਿੱਤਾ, ਜਿਸ ਦੇ ਤਹਿਤ ਸਿਰਫ CNG, ਇਲੈਕਟ੍ਰਿਕ ਅਤੇ ਬੀ. ਐੱਸ. (ਭਾਰਤ ਸਟੇਜ)- 6 ਵਾਹਨਾਂ ਦੇ ਦਿੱਲੀ ‘ਚ ਐਂਟਰੀ ਦੀ ਆਗਿਆ ਹੁੰਦੀ ਹੈ। GRAP ਦੇ ਚੌਥੇ ਪੜਾਅ ਵਿਚ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਦਿੱਲੀ ‘ਚ ਐਂਟਰੀ ਦੀ ਆਗਿਆ ਦਿੱਤੀ ਸੀ, ਜਦਕਿ ਬਾਕੀ ਸਾਰੇ ਮੱਧ ਅਤੇ ਭਾਰੀ ਮਾਲ ਵਾਹਕ ਵਾਹਨਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਲਾ ਦਿੱਤੀ ਸੀ।
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਦੀਵਾਲੀ ਤੋਂ ਠੀਕ ਪਹਿਲਾਂ ਮੀਂਹ ਪੈਣ ਅਤੇ ਮੌਸਮ ਦੇ ਅਨੁਕੂਲ ਹੋਣ ਕਾਰਨ ਹਵਾ ਦੀ ਗੁਣਵੱਤਾ ਵਿਚ ਸੁਧਾਰ ਲੋਕਾਂ ਵੱਲੋਂ ਪਟਾਕੇ ਚਲਾਉਣ ਨਾਲ ਪ੍ਰਭਾਵਿਤ ਹੋਇਆ ਹੈ।