2016 ’ਚ ਦਾਇਰ ਮਾਣਹਾਨੀ ਦੇ ਕੇਸ ਨੂੰ ਲੈ ਕੇ ਸੰਜੇ ਸਿੰਘ ਅਤੇ ਬਿਕਰਮ ਮਜੀਠੀਆ ਅਦਾਲਤ ’ਚ ਪੇਸ਼

ਅੰਮ੍ਰਿਤਸਰ – ਅਕਾਲੀ ਆਗੂ ਬਿਕਰਮ ਮਜੀਠੀਆ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਅੱਜ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋਏ।
ਪੇਸ਼ੀ ਦੌਰਾਨ ਸੀ. ਜੇ. ਐੱਮ. ਆਸ਼ੀਸ਼ ਸਾਲਦੀ ਦੀ ਅਦਾਲਤ ਵਿਚ ਕੇਸ ਦੀ ਕੋਈ ਸੁਣਵਾਈ ਨਹੀਂ ਹੋਈ, ਜੱਜ ਨੇ ਉਨ੍ਹਾਂ ਨੂੰ 16 ਦਸੰਬਰ 2023 ਨੂੰ ਪੇਸ਼ ਹੋਣ ਲਈ ਕਿਹਾ ਹੈ। ਦੱਸਣਾ ਜ਼ਰੂਰੀ ਹੈ ਕਿ ਸੰਜੇ ਸਿੰਘ ਇਸ ਸਮੇਂ ਸ਼ਰਾਬ ਘਪਲੇ ਵਿਚ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹਨ ਅਤੇ ਉਥੋਂ ਰਾਹਤ ਮਿਲਣ ਤੋਂ ਬਾਅਦ ਉਹ ਪੇਸ਼ੀ ਲਈ ਰੇਲਗੱਡੀ ਰਾਹੀਂ ਅੰਮ੍ਰਿਤਸਰ ਆਏ ਸੀ। ਟਰੇਨ 2 ਘੰਟੇ ਤੋਂ ਵੱਧ ਦੇਰੀ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪੁੱਜੀ ਅਤੇ ਅਦਾਲਤ ’ਚ ਪੇਸ਼ੀ ਦੁਪਹਿਰ 12.30 ਵਜੇ ਤੋਂ ਬਾਅਦ ਹੋਈ।
ਪੁਲਸ ਹਿਰਾਸਤ ਕਾਰਨ ਸੰਜੇ ਸਿੰਘ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਪੁੱਜੇ, ਜਦੋਂਕਿ ਉਨ੍ਹਾਂ ਦੀ ਪਤਨੀ ਸੜਕ ਰਾਹੀਂ ਅੰਮ੍ਰਿਤਸਰ ਪਹੁੰਚੀ। ਜ਼ਿਕਰਯੋਗ ਹੈ ਕਿ ਸਾਲ 2016 ਵਿਚ ਬਿਕਰਮ ਮਜੀਠੀਆ ਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ’ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਵਿਚ ਕੇਜਰੀਵਾਲ ਨੇ ਮਜੀਠੀਆ ਨਾਲ ਕੇਸ ਸਬੰਧੀ ਆਪਣੇ ਵਿਵਾਦ ਦਾ ਨਿਬੇੜਾ ਕਰ ਲਿਆ ਸੀ ਜਦਕਿ ਸੰਜੇ ਸਿੰਘ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ।